ਗੰਭੀਰ ਨੇ ਦ੍ਰਾਵਿੜ-ਲਕਸ਼ਮਣ ਨੂੰ ਸਮਰਪਿਤ ਕੀਤੀ T20 WC ਦੀ ਖਿਤਾਬੀ ਜਿੱਤ

Monday, Mar 09, 2026 - 05:41 PM (IST)

ਗੰਭੀਰ ਨੇ ਦ੍ਰਾਵਿੜ-ਲਕਸ਼ਮਣ ਨੂੰ ਸਮਰਪਿਤ ਕੀਤੀ T20 WC ਦੀ ਖਿਤਾਬੀ ਜਿੱਤ

ਅਹਿਮਦਾਬਾਦ : ਭਾਰਤੀ ਕ੍ਰਿਕਟ ਟੀਮ ਵੱਲੋਂ ਟੀ-20 ਵਿਸ਼ਵ ਕੱਪ 2026 ਦਾ ਖ਼ਿਤਾਬ ਜਿੱਤਣ ਤੋਂ ਬਾਅਦ ਮੁੱਖ ਕੋਚ ਗੌਤਮ ਗੰਭੀਰ ਨੇ ਟੀਮ ਦੀ ਇਸ ਇਤਿਹਾਸਕ ਸਫਲਤਾ ਦਾ ਸਿਹਰਾ ਖਿਡਾਰੀਆਂ ਦੀ ਨਿਡਰਤਾ ਅਤੇ ਟੀਮ ਭਾਵਨਾ ਨੂੰ ਦਿੱਤਾ ਹੈ। ਐਤਵਾਰ ਨੂੰ ਨਿਊਜ਼ੀਲੈਂਡ ਵਿਰੁੱਧ ਫਾਈਨਲ ਜਿੱਤਣ ਤੋਂ ਬਾਅਦ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਗੰਭੀਰ ਨੇ ਕਈ ਅਹਿਮ ਖੁਲਾਸੇ ਕੀਤੇ।

ਦ੍ਰਾਵਿੜ ਅਤੇ ਲਕਸ਼ਮਣ ਨੂੰ ਸਮਰਪਿਤ ਕੀਤੀ ਜਿੱਤ 
ਗੌਤਮ ਗੰਭੀਰ ਨੇ ਇਸ ਵਿਸ਼ਵ ਕੱਪ ਦੀ ਜਿੱਤ ਨੂੰ ਆਪਣੇ ਤੋਂ ਪਹਿਲਾਂ ਰਹੇ ਕੋਚ ਰਾਹੁਲ ਦ੍ਰਾਵਿੜ ਅਤੇ 'ਸੈਂਟਰ ਆਫ ਐਕਸੀਲੈਂਸ' (CoE) ਦੇ ਮੁਖੀ ਵੀ.ਵੀ.ਐੱਸ. ਲਕਸ਼ਮਣ ਨੂੰ ਸਮਰਪਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਦ੍ਰਾਵਿੜ ਨੇ ਆਪਣੇ ਕਾਰਜਕਾਲ ਦੌਰਾਨ ਭਾਰਤੀ ਟੀਮ ਨੂੰ ਇਸ ਮੁਕਾਮ 'ਤੇ ਪਹੁੰਚਣ ਦੇ ਕਾਬਲ ਬਣਾਇਆ, ਜਦਕਿ ਲਕਸ਼ਮਣ ਪਰਦੇ ਦੇ ਪਿੱਛੇ ਰਹਿ ਕੇ ਭਾਰਤੀ ਕ੍ਰਿਕਟ ਦੀ 'ਪਾਈਪਲਾਈਨ' ਨੂੰ ਮਜ਼ਬੂਤ ਕਰਨ ਲਈ ਨਿਰਸਵਾਰਥ ਕੰਮ ਕਰ ਰਹੇ ਹਨ।

'ਨਿਡਰ ਕ੍ਰਿਕਟ' ਅਤੇ 'ਹਾਈ ਰਿਸਕ, ਹਾਈ ਰਿਵਾਰਡ' 
ਗੰਭੀਰ ਅਨੁਸਾਰ, ਉਹ ਅਤੇ ਕਪਤਾਨ ਸੂਰਿਆਕੁਮਾਰ ਯਾਦਵ ਭਾਰਤੀ ਟੀਮ ਦੀ ਖੇਡਣ ਦੀ ਸ਼ੈਲੀ ਨੂੰ ਬਦਲਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਟੀ-20 ਫਾਰਮੈਟ ਵਿੱਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਅਸੀਂ ਹਾਰਨ ਤੋਂ ਨਹੀਂ ਡਰਦੇ। ਗੰਭੀਰ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਟੀਚਾ ਹਮੇਸ਼ਾ 250 ਦੌੜਾਂ ਬਣਾਉਣ ਦਾ ਹੁੰਦਾ ਹੈ, ਨਾ ਕਿ 160-170 ਵਾਲੀ ਰਵਾਇਤੀ ਕ੍ਰਿਕਟ ਖੇਡਣਾ। ਉਨ੍ਹਾਂ ਮੁਤਾਬਕ 'ਹਾਈ ਰਿਸਕ, ਹਾਈ ਰਿਵਾਰਡ' (ਵੱਧ ਜੋਖਮ, ਵੱਡਾ ਇਨਾਮ) ਹੀ ਇਸ ਫਾਰਮੈਟ ਦੀ ਅਸਲੀ ਸੁੰਦਰਤਾ ਹੈ। ਸੈਮੀਫਾਈਨਲ ਅਤੇ ਫਾਈਨਲ ਦੋਵਾਂ ਵਿੱਚ 250 ਤੋਂ ਵੱਧ ਦਾ ਸਕੋਰ ਬਣਾਉਣਾ ਟੀਮ ਦੀ ਕੁਆਲਿਟੀ ਅਤੇ ਸਾਹਸ ਨੂੰ ਦਰਸਾਉਂਦਾ ਹੈ।

ਨਿੱਜੀ ਰਿਕਾਰਡ ਨਹੀਂ, ਟਰਾਫੀਆਂ ਮਾਇਨੇ ਰੱਖਦੀਆਂ ਹਨ 
ਮੁੱਖ ਕੋਚ ਨੇ ਭਾਰਤੀ ਕ੍ਰਿਕਟ ਵਿੱਚ ਇੱਕ ਨਵੀਂ ਸੋਚ ਪੈਦਾ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਨਿੱਜੀ ਉਪਲਬਧੀਆਂ ਦਾ ਜਸ਼ਨ ਮਨਾਉਣਾ ਬੰਦ ਕਰਕੇ ਸਿਰਫ਼ ਟਰਾਫੀਆਂ ਦਾ ਜਸ਼ਨ ਮਨਾਉਣਾ ਚਾਹੀਦਾ ਹੈ। ਗੰਭੀਰ ਨੇ ਸੰਜੂ ਸੈਮਸਨ ਦੀਆਂ ਪਾਰੀਆਂ (97 ਨਾਬਾਦ, 89, 88) ਦੀ ਮਿਸਾਲ ਦਿੰਦਿਆਂ ਕਿਹਾ ਕਿ ਜੇਕਰ ਉਹ ਨਿੱਜੀ ਰਿਕਾਰਡਾਂ ਲਈ ਖੇਡ ਰਹੇ ਹੁੰਦੇ, ਤਾਂ ਟੀਮ ਸ਼ਾਇਦ 250 ਦੇ ਅੰਕੜੇ ਤੱਕ ਨਾ ਪਹੁੰਚ ਪਾਉਂਦੀ। ਉਨ੍ਹਾਂ ਕਿਹਾ ਕਿ ਟੀਮ ਖੇਡ ਵਿੱਚ ਸਭ ਤੋਂ ਵੱਡਾ ਟੀਚਾ ਟਰਾਫੀ ਜਿੱਤਣਾ ਹੁੰਦਾ ਹੈ, ਨਿੱਜੀ ਦੌੜਾਂ ਬਣਾਉਣਾ ਨਹੀਂ।

ਜਯ ਸ਼ਾਹ ਅਤੇ ਅਜੀਤ ਅਗਰਕਰ ਦਾ ਧੰਨਵਾਦ 
ਗੰਭੀਰ ਨੇ ਬੀਸੀਸੀਆਈ ਦੇ ਸਾਬਕਾ ਸਕੱਤਰ ਜਯ ਸ਼ਾਹ ਅਤੇ ਮੁੱਖ ਚੋਣਕਾਰ ਅਜੀਤ ਅਗਰਕਰ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ ਨਿਊਜ਼ੀਲੈਂਡ ਅਤੇ ਦੱਖਣੀ ਅਫ਼ਰੀਕਾ ਦੀਆਂ ਸੀਰੀਜ਼ਾਂ ਤੋਂ ਬਾਅਦ ਉਹ ਆਪਣੇ ਕਰੀਅਰ ਦੇ ਸਭ ਤੋਂ ਮਾੜੇ ਦੌਰ ਵਿੱਚ ਸਨ, ਤਾਂ ਸਿਰਫ਼ ਜਯ ਸ਼ਾਹ ਨੇ ਉਨ੍ਹਾਂ ਨੂੰ ਫੋਨ ਕਰਕੇ ਉਨ੍ਹਾਂ 'ਤੇ ਭਰੋਸਾ ਜਤਾਇਆ ਸੀ। ਗੰਭੀਰ ਅਨੁਸਾਰ ਜਦੋਂ ਤੱਕ ਅਜਿਹੇ ਲੋਕ ਹਨ, ਭਾਰਤੀ ਕ੍ਰਿਕਟ ਸੁਰੱਖਿਅਤ ਹੱਥਾਂ ਵਿੱਚ ਹੈ।


author

Tarsem Singh

Content Editor

Related News