CM ਨਾਇਬ ਸੈਣੀ ਨੇ ਰੱਖਿਆ ਵਿਸ਼ਵਾਸ ਪ੍ਰਸਤਾਵ, JJP ਦੇ 4 ਵਿਧਾਇਕ ਸਦਨ ਤੋਂ ਆਏ ਬਾਹਰ

03/13/2024 12:25:21 PM

ਹਰਿਆਣਾ- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਹੁੰ ਚੁੱਕਣ ਤੋਂ ਇਕ ਦਿਨ ਬਾਅਦ ਬੁੱਧਵਾਰ ਨੂੰ ਵਿਧਾਨ ਸਭਾ 'ਚ ਭਰੋਸੇ ਦਾ ਮਤਾ ਪੇਸ਼ ਕੀਤਾ। ਵਿਧਾਨ ਸਭਾ ਦੇ ਸਪੀਕਰ ਨੇ ਪ੍ਰਸਤਾਵ 'ਤੇ ਚਰਚਾ ਲਈ ਦੋ ਘੰਟੇ ਦਾ ਸਮਾਂ ਤੈਅ ਕੀਤਾ ਹੈ। ਭਰੋਸੇ ਦਾ ਪ੍ਰਸਤਾਵ ਰੱਖੇ ਜਾਣ ਅਤੇ ਇਸ 'ਤੇ ਚਰਚਾ ਸ਼ੁਰੂ ਹੋਣ 'ਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਵਿਧਾਇਕ ਦੇਵੇਂਦਰ ਸਿੰਘ ਬਬਲੀ, ਰਾਮ ਕੁਮਾਰ ਗੌਤਮ, ਈਸ਼ਵਰ ਸਿੰਘ, ਰਾਮ ਨਿਵਾਸ ਅਤੇ ਜੋਗੀ ਰਾਮ ਸਿਹਾਗ ਸਦਨ ਤੋਂ ਵਾਕਆਊਟ ਕਰ ਗਏ। ਜੇਜੇਪੀ ਨੇ ਬੁੱਧਵਾਰ ਨੂੰ ਇਕ ਵਹਿਪ ਜਾਰੀ ਕਰਕੇ ਆਪਣੇ 10 ਵਿਧਾਇਕਾਂ ਨੂੰ ਵਿਸ਼ਵਾਸ ਪ੍ਰਸਤਾਵ 'ਤੇ ਵੋਟਿੰਗ ਦੌਰਾਨ ਸਦਨ ਤੋਂ ਗੈਰਹਾਜ਼ਰ ਰਹਿਣ ਲਈ ਕਿਹਾ। ਰਾਜ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਸਦਨ ਵਿਚ ਮੌਜੂਦ ਹਨ। ਮੁੱਖ ਮੰਤਰੀ ਵੱਲੋਂ ਮਤਾ ਪੇਸ਼ ਕਰਨ ਤੋਂ ਪਹਿਲਾਂ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੂੰ ਜਲਦਬਾਜ਼ੀ ਵਿਚ ਵਿਧਾਨ ਸਭਾ ਸੈਸ਼ਨ ਸੱਦਣ ਬਾਰੇ ਸਵਾਲ ਪੁੱਛੇ। ਕਾਂਗਰਸ ਦੇ ਸੀਨੀਅਰ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਕੋਈ ਐਮਰਜੈਂਸੀ ਨਹੀਂ ਸੀ।

ਉਨ੍ਹਾਂ ਦਾਅਵਾ ਕੀਤਾ ਕਿ ਵਿਧਾਇਕਾਂ ਨੂੰ ਪੂਰਾ ਸਮਾਂ ਨਹੀਂ ਦਿੱਤਾ ਗਿਆ। ਪਾਰਟੀ ਵਿਧਾਇਕ ਬੀ.ਬੀ. ਬਤਰਾ ਨੇ ਪੁੱਛਿਆ,“ਸੈਸ਼ਨ ਬੁਲਾਉਣ ਦੀ ਇੰਨੀ ਜਲਦੀ ਕਿਉਂ ਸੀ?” ਹੁੱਡਾ ਨੇ ਸਪੀਕਰ ਨੂੰ ਬੇਨਤੀ ਕੀਤੀ ਕਿ ਸੈਸ਼ਨ ਨੂੰ ਘੱਟੋ-ਘੱਟ ਇੱਕ ਘੰਟੇ ਲਈ ਮੁਲਤਵੀ ਕੀਤਾ ਜਾਵੇ ਤਾਂ ਜੋ ਵਿਧਾਇਕ ਵਿਧਾਨ ਸਭਾ ਪਹੁੰਚ ਸਕਣ। ਇਸ 'ਤੇ ਸਪੀਕਰ ਨੇ ਕਿਹਾ ਕਿ ਸਦਨ 'ਚ ਸਮੇਂ ਸਿਰ ਪਹੁੰਚਣਾ ਮੈਂਬਰਾਂ ਦਾ ਫਰਜ਼ ਹੈ। ਗੁਪਤਾ ਨੇ ਕਿਹਾ,"ਬਹਿਸ ਹੋਣ ਦਿਓ ਅਤੇ ਇਸ ਦੌਰਾਨ ਮੈਂਬਰ ਸਦਨ ਵਿਚ ਪਹੁੰਚ ਸਕਦੇ ਹਨ।" ਰਾਜ ਦੀ 90 ਮੈਂਬਰੀ ਵਿਧਾਨ ਸਭਾ ਵਿਚ, ਭਾਜਪਾ ਦੇ 41 ਮੈਂਬਰ ਹਨ ਅਤੇ 7 ਆਜ਼ਾਦ ਵਿਧਾਇਕਾਂ 'ਚੋਂ ਛੇ ਦੇ ਨਾਲ-ਨਾਲ ਹਰਿਆਣਾ ਲੋਕਹਿਤ ਪਾਰਟੀ ਦੇ ਇਕਲੌਤੇ ਵਿਧਾਇਕ ਗੋਪਾਲ ਕਾਂਡਾ ਦਾ ਸਮਰਥਨ ਹੈ। ਸਦਨ ਵਿਚ ਜੇਜੇਪੀ ਦੇ 10 ਵਿਧਾਇਕ ਹਨ। ਮੁੱਖ ਵਿਰੋਧੀ ਧਿਰ ਕਾਂਗਰਸ ਕੋਲ 30 ਵਿਧਾਇਕ ਹਨ ਜਦਕਿ ਇੰਡੀਅਨ ਨੈਸ਼ਨਲ ਲੋਕ ਦਲ ਕੋਲ ਇਕ ਵਿਧਾਇਕ ਹੈ। ਮੰਗਲਵਾਰ ਨੂੰ ਮਨੋਹਰ ਲਾਲ ਖੱਟੜ ਵੱਲੋਂ ਆਪਣੇ ਕੈਬਨਿਟ ਮੰਤਰੀਆਂ ਸਮੇਤ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਕੁਝ ਘੰਟਿਆਂ ਬਾਅਦ, ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੈਣੀ ਨੂੰ ਹਰਿਆਣਾ ਦਾ ਨਵਾਂ ਮੁੱਖ ਮੰਤਰੀ ਐਲਾਨ ਦਿੱਤਾ। ਮੰਗਲਵਾਰ ਸ਼ਾਮ ਨੂੰ ਸਹੁੰ ਚੁੱਕਣ ਤੋਂ ਬਾਅਦ ਸੈਣੀ ਨੇ ਕਿਹਾ ਕਿ ਉਸ ਨੇ ਰਾਜਪਾਲ ਨੂੰ 48 ਵਿਧਾਇਕਾਂ ਦਾ ਸਮਰਥਨ ਪੱਤਰ ਸੌਂਪਿਆ ਹੈ ਅਤੇ ਸਦਨ ਵਿਚ ਭਾਜਪਾ ਸਰਕਾਰ ਦਾ ਬਹੁਮਤ ਸਾਬਤ ਕਰਨ ਲਈ ਬੁੱਧਵਾਰ ਨੂੰ ਵਿਧਾਨ ਸਭਾ ਸੈਸ਼ਨ ਬੁਲਾਉਣ ਦੀ ਬੇਨਤੀ ਕੀਤੀ ਹੈ। ਸੂਬੇ ਵਿੱਚ ਭਾਜਪਾ-ਜੇਜੇਪੀ ਗਠਜੋੜ ਦੇ ਟੁੱਟਣ ਦੇ ਸੰਕੇਤਾਂ ਦਰਮਿਆਨ ਇਹ ਭਰੋਸੇ ਦਾ ਮਤਾ ਲਿਆਂਦਾ ਜਾ ਰਿਹਾ ਹੈ। ਹਾਲਾਂਕਿ ਗਠਜੋੜ ਦੇ ਟੁੱਟਣ ਨੂੰ ਲੈ ਕੇ ਅਜੇ ਤੱਕ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


DIsha

Content Editor

Related News