14 ਮਾਰਚ ਨੂੰ ਭੋਪਾਲ ਆਉਣਗੇ CM ਕੇਜਰੀਵਾਲ ਤੇ ਮਾਨ, ਕਰਨਗੇ ਮਹਾਰੈਲੀ
Sunday, Mar 12, 2023 - 03:59 PM (IST)
ਭੋਪਾਲ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਗਲਵਾਰ 14 ਮਾਰਚ ਨੂੰ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਇਕ ਰੈਲੀ ਨੂੰ ਸੰਬੋਧਨ ਕਰਨਗੇ। ਮੱਧ ਪ੍ਰਦੇਸ਼ ਵਿਚ ਇਸ ਸਾਲ ਦੇ ਅਖ਼ੀਰ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਆਮ ਆਦਮੀ ਪਾਰਟੀ (ਆਪ) ਰੈਲੀ ਲਈ ਇਕ ਲੱਖ ਦੀ ਭੀੜ ਇਕੱਠੀ ਕਰਨ ਲਈ ਸਖ਼ਤ ਮਿਹਨਤ ਕਰ ਰਹੀ ਹੈ। 'ਆਪ' ਨੂੰ ਉਮੀਦ ਹੈ ਕਿ ਉਹ ਮੱਧ ਪ੍ਰਦੇਸ਼ ਦੀ ਰਾਜਨੀਤੀ 'ਚ ਆਪਣੀ ਛਾਪ ਛੱਡੇਗੀ। ਮੱਧ ਪ੍ਰਦੇਸ਼ 'ਚ ਹੁਣ ਤੱਕ ਦੋ ਪਾਰਟੀਆਂ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਵਿਚਾਲੇ ਮੁਕਾਬਲਾ ਹੁੰਦਾ ਰਿਹਾ ਹੈ। ਭਾਜਪਾ ਪਿਛਲੇ ਦੋ ਦਹਾਕਿਆਂ ਤੋਂ ਜ਼ਿਆਦਾਤਰ ਸਮੇਂ ਤੋਂ ਸੱਤਾ 'ਤੇ ਕਾਬਜ਼ ਹੈ।
ਪੰਜਾਬ ਅਤੇ ਗੁਜਰਾਤ ਵਿਚ 'ਆਪ' ਦੇ ਰਣਨੀਤੀ ਬਣਾਉਣ ਵਾਲਿਆਂ 'ਚੋਂ ਇਕ ਮੰਨੇ ਜਾਂਦੇ ਪਾਠਕ ਨੇ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਭੋਪਾਲ, ਇੰਦੌਰ, ਰੀਵਾ, ਗਵਾਲੀਅਰ ਅਤੇ ਜਬਲਪੁਰ ਦਾ ਦੌਰਾ ਕੀਤਾ ਹੈ। 'ਆਪ' ਜਿਸ ਨੇ ਹਾਲ ਹੀ 'ਚ ਮੱਧ ਪ੍ਰਦੇਸ਼ ਦੀਆਂ ਸਾਰੀਆਂ 230 ਵਿਧਾਨ ਸਭਾ ਸੀਟਾਂ 'ਤੇ ਚੋਣ ਲੜਨ ਦਾ ਐਲਾਨ ਕੀਤਾ ਸੀ। ਪਿਛਲੇ ਸਾਲ ਜੁਲਾਈ-ਅਗਸਤ 'ਚ ਸਥਾਨਕ ਬਾਡੀ ਚੋਣਾਂ 'ਚ ਆਪਣੇ ਪ੍ਰਦਰਸ਼ਨ ਤੋਂ ਉਤਸ਼ਾਹਿਤ ਹੈ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ 'ਆਪ' ਨੇ ਮੱਧ ਪ੍ਰਦੇਸ਼ 'ਚ ਬਾਡੀਜ਼ ਚੋਣਾਂ 'ਚ 6.3 ਫੀਸਦੀ ਵੋਟ ਸ਼ੇਅਰ ਦਾ ਦਾਅਵਾ ਕੀਤਾ ਹੈ।
'ਆਪ' ਨੇ ਪੰਜਾਬ 'ਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ, ਇਸ ਦੇ ਉਮੀਦਵਾਰਾਂ ਨੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਦਿੱਗਜਾਂ ਨੂੰ ਹਰਾਇਆ ਸੀ। ਗੁਜਰਾਤ 'ਚ 'ਆਪ' ਨੇ ਕਈ ਕਲਿਆਣਕਾਰੀ ਕਦਮਾਂ ਦਾ ਵਾਅਦਾ ਕਰਦਿਆਂ ਇਕ ਜ਼ੋਰਦਾਰ ਮੁਹਿੰਮ ਚਲਾਈ, ਜਿਸ ਦੇ ਨਤੀਜੇ ਵਜੋਂ 182 ਮੈਂਬਰੀ ਸਦਨ 'ਚ 13 ਫੀਸਦੀ ਵੋਟ ਸ਼ੇਅਰ ਨਾਲ 5 ਸੀਟਾਂ ਮਿਲੀਆਂ। ਮੱਧ ਪ੍ਰਦੇਸ਼ 'ਚ 2018 ਦੀਆਂ ਚੋਣਾਂ ਦੇ ਨਤੀਜੇ ਵਜੋਂ ਇਕ ਤ੍ਰਿਸ਼ੰਕੂ ਵਿਧਾਨ ਸਭਾ ਬਣੀ ਸੀ। ਜਿਸ ਵਿਚ ਕਾਂਗਰਸ 230 ਮੈਂਬਰੀ ਸਦਨ ਵਿਚ 114 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰ ਕੇ ਸਾਹਮਣੇ ਆਈ। ਭਾਜਪਾ ਨੇ 109 ਸੀਟਾਂ ਜਿੱਤੀਆਂ ਸਨ। ਕਾਂਗਰਸ ਨੇ ਕਮਲਨਾਥ ਦੀ ਅਗਵਾਈ ਵਿਚ ਗੱਠਜੋੜ ਦੀ ਸਰਕਾਰ ਬਣਾਈ ਪਰ ਇਹ ਮਾਰਚ 2020 'ਚ ਢਹਿ ਗਈ, ਜਦੋਂ ਜੋਤੀਰਾਦਿਤਿਆ ਸਿੰਧੀਆ ਦੇ ਵਫ਼ਾਦਾਰ ਕਈ ਵਿਧਾਇਕ ਭਾਜਪਾ ਵਿਚ ਸ਼ਾਮਲ ਹੋਏ, ਜਿਸ ਨਾਲ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਵਿਚ 23 ਮਾਰਚ 2020 ਨੂੰ ਦੁਬਾਰਾ ਭਾਜਪਾ ਦੀ ਸਰਕਾਰ ਬਣੀ।