ਸੰਸਦ ਦੇ ਬਾਹਰ ਸਫਾਈ ਮੁਲਾਜ਼ਮਾਂ ਨੇ ਕੀਤਾ ਪ੍ਰਦਰਸ਼ਨ, ਪੁਲਸ ਨੇ ਵਰ੍ਹਾਏ ਡੰਡੇ

10/08/2018 6:30:37 PM

ਨਵੀਂ ਦਿੱਲੀ (ਏਜੰਸੀ)- ਦਿੱਲੀ ਵਿਚ ਹੜਤਾਲ ਕਰ ਰਹੇ ਸਫਾਈ ਮੁਲਾਜ਼ਮਾਂ ਦੀ ਪੁਲਸ ਨਾਲ ਝੜਪ ਹੋ ਗਈ। ਸਾਰੇ ਸਫਾਈ ਮੁਲਾਜ਼ਮ ਸੰਸਦ ਦਾ ਘਿਰਾਓ ਕਰਨ ਪਹੁੰਚੇ ਸਨ। ਮੁਲਾਜ਼ਮਾਂ ਦੀ ਭੀੜ ਨੂੰ ਕਾਬੂ ਕਰਨ ਕਰਨ ਲਈ ਦਿੱਲੀ ਪੁਲਸ ਨੂੰ ਲਾਠੀਚਾਰਜ ਵੀ ਕਰਨਾ ਪਿਆ। ਆਪਣੀਆਂ ਮੰਗਾਂ ਲਈ ਲੰਬੇ ਸਮੇਂ ਤੋਂ ਅੰਦੋਲਨ ਕਰ ਰਹੇ ਸਫਾਈ ਮੁਲਾਜ਼ਮ ਵੱਡੀ ਗਿਣਤੀ ਵਿਚ ਸੰਸਦ ਭਵਨ ਪਹੁੰਚੇ ਸਨ। ਸੰਸਦ ਦੇ ਬਾਹਰ ਸਫਾਈ ਮੁਲਾਜ਼ਮਾਂ ਦੀ ਭੀੜ ਬੇਕਾਬੂ ਹੋ ਗਈ ਅਤੇ ਪੁਲਸ ਨੇ ਬੇਕਾਬੂ ਭੀੜ 'ਤੇ ਡੰਡੇ ਵਰ੍ਹਾਏ।

ਪੁਲਸ ਨੇ ਪ੍ਰਦਰਸ਼ਨ ਕਰ ਰਹੇ ਕੁਝ ਸਫਾਈ ਮੁਲਾਜ਼ਮਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਪੁਲਸ ਨੇ ਕੁਝ ਸਫਾਈ ਮੁਲਾਜ਼ਮਾਂ ਵਿਰੁੱਧ ਕਾਰਵਾਈ ਵੀ ਕੀਤੀ ਹੈ। ਦੱਸ ਦਈਏ ਕਿ ਹੜਤਾਲੀ ਮੁਲਾਜ਼ਮਾਂ ਨੇ ਅੱਜ ਵੱਡਾ ਪ੍ਰਦਰਸ਼ਨ ਕਰਦੇ ਹੋਏ ਸੰਸਦ ਘਿਰਾਓ ਦਾ ਐਲਾਨ ਦਿੱਤਾ ਸੀ। ਨਾਲ ਹੀ ਮੁਲਾਜ਼ਮਾਂ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਹ ਖੁਦਕੁਸ਼ੀ ਕਰ ਲੈਣਗੇ। ਇਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਐਮ.ਸੀ.ਡੀ. ਸਵੱਛਤਾ ਮੁਲਾਜ਼ਮ ਯੂਨੀਅਨ ਦੇ ਦਿੱਲੀ ਸੂਬਾ ਪ੍ਰਧਾਨ ਸੰਜੇ ਗਹਿਲੋਤ ਨੇ ਕਿਹਾ ਹੈ ਕਿ ਜਦੋਂ ਤੱਕ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਉਦੋਂ ਤੱਕ ਅਂਦੋਲਨ ਜਾਰੀ ਰਹੇਗਾ ਅਤੇ ਸਫਾਈ ਮੁਲਾਜ਼ਮ ਪਿੱਛੇ ਨਹੀਂ ਹੱਟਣਗੇ ਚਾਹੇ ਉਨ੍ਹਾਂ ਨੂੰ ਖੁਦਕੁਸ਼ੀ ਹੀ ਕਿਉਂ ਨਾ ਕਰਨੀ ਪਵੇ।

ਦੱਸਿਆ ਜਾ ਰਿਹਾ ਹੈ ਕਿ ਸੰਸਦ ਦੇ ਘਿਰਾਓ ਦੇ ਇਸ ਪ੍ਰੋਗਰਾਮ ਵਿਚ ਦਿੱਲੀ ਐਨ.ਸੀ.ਆਰ., ਮਹਾਰਾਸ਼ਟਰ, ਉੱਤਰ ਪ੍ਰਦੇਸ਼ ਦੇ ਨੇੜਲੇ ਇਲਾਕਿਆਂ ਤੋਂ ਵੀ ਲੋਕ ਜੰਤਰ-ਮੰਤਰ ਪਹੁੰਚੇ ਹਨ ਅਤੇ ਆਪਣਾ ਵਿਰੋਧ ਜਤਾ ਰਹੇ ਹਨ। ਪ੍ਰਦਰਸ਼ਨਕਾਰੀਆਂ ਦੀ ਗਿਣਤੀ 25 ਹਜ਼ਾਰ ਦੱਸੀ ਜਾ ਰਹੀ ਹੈ। ਜਿਨ੍ਹਾਂ ਵਿਚ ਮਹਿਲਾ ਪੁਰਸ਼ ਦੋਵੇਂ ਸ਼ਾਮਲ ਹਨ। ਦੱਸ ਦਈਏ ਕਿ ਸਫਾਈ ਮੁਲਾਜ਼ਮਾਂ ਕੱਚੇ ਨੂੰ ਪੱਕਾ ਕਰਨ, ਬਕਾਇਆ ਏਰੀਅਰ ਜਾਰੀ ਕਰਨ, ਸਮੇਂ 'ਤੇ ਤਨਖਾਹ ਦੇਣ ਵਰਗੀਆਂ ਮੰਗਾਂ ਨੂੰ ਲੈ ਕੇ 27 ਦਿਨਾਂ ਤੋਂ ਹੜਤਾਲ 'ਤੇ ਸਨ। ਇਨ੍ਹਾਂ ਦੀਆਂ ਮੰਗਾਂ ਸਨ ਕਿ ਇਨ੍ਹਾਂ ਨੂੰ ਵੇਲੇ ਸਿਰ ਤਨਖਾਹ ਦਿੱਤੀ ਜਾਵੇ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ।


Related News