ਲਾਪਰਵਾਹੀ ਦੀ ਹੱਦ! ਛੁੱਟੀ ਪਿੱਛੋਂ ਡੇਢ ਘੰਟੇ ਤੱਕ ਸਕੂਲ ’ਚ ਬੰਦ ਰਹੀ ਦੂਜੀ ਜਮਾਤ ਦੀ ਵਿਦਿਆਰਥਣ

Sunday, Sep 08, 2024 - 12:28 AM (IST)

ਸੋਨਭੱਦਰ, (ਏਜੰਸੀ)- ਸੋਨਭੱਦਰ ਜ਼ਿਲੇ ਦੇ ਘੋਰਾਵਲ ਕੋਤਵਾਲੀ ਇਲਾਕੇ ਦੇ ਵਿਸੁੰਧਰੀ ਪਿੰਡ ਵਿਚ ਅਧਿਆਪਕਾਂ ਦੀ ਲਾਪਰਵਾਹੀ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਦੂਜੀ ਜਮਾਤ ਦੀ ਵਿਦਿਆਰਥਣ ਨੂੰ ਸਕੂਲ ਵਿਚ ਹੀ ਬੰਦ ਕਰ ਕੇ ਅਧਿਆਪਕ ਘਰ ਚਲ ਗਏ। ਛੁੱਟੀ ਹੋਣ ਦੇ ਡੇਢ ਘੰਟੇ ਬਾਅਦ ਵੀ ਜਦੋਂ ਵਿਦਿਆਰਥਣ ਘਰ ਨਾ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਕੀਤੀ। ਸਕੂਲ ਦੇ ਨੇੜੇ ਗਏ ਤਾਂ ਅੰਦਰੋਂ ਵਿਦਿਆਰਥਣ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਗੇਟ ਦਾ ਤਾਲਾ ਤੋੜ ਕੇ ਵਿਦਿਆਰਥਣ ਨੂੰ ਬਾਹਰ ਕੱਢਿਆ ਗਿਆ।

ਪਿੰਡ ਵਾਸੀ ਜਨਮੇਜੇ ਯਾਦਵ ਦੀ ਪੁੱਤਰੀ ਸਾਧਨਾ (11) ਵਿਸੁੰਧਰੀ ਕੰਪੋਜ਼ਿਟ ਸਕੂਲ ਦੀ ਦੂਜੀ ਜਮਾਤ ਦੀ ਵਿਦਿਆਰਥਣ ਹੈ। ਹਰ ਰੋਜ਼ ਦੀ ਤਰ੍ਹਾਂ ਉਹ ਸਵੇਰੇ ਸਕੂਲ ਪੜ੍ਹਨ ਲਈ ਪਹੁੰਚੀ ਅਤੇ ਕਲਾਸ ਵਿਚ ਰਹਿ ਕੇ ਸਕੂਲ ਦੇ ਬੰਦ ਹੋਣ ਤੱਕ ਉਥੇ ਹੀ ਮੌਜੂਦ ਰਹੀ। ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਵਿਦਿਆਰਥਣ ਨੀਂਦ ਆ ਗਈ। ਉਹ ਕਮਰੇ ਵਿਚ ਹੀ ਸੁੱਤੀ ਰਹਿ ਗਈ। ਛੁੱਟੀ ਹੋਣ ਤੋਂ ਬਾਅਦ ਸਾਰੇ ਬੱਚੇ ਘਰ ਚਲੇ ਗਏ। ਅਧਿਆਪਕ ਵੀ ਕਮਰੇ ਅਤੇ ਗੇਟ ’ਤੇ ਤਾਲਾ ਲਗਾ ਕੇ ਘਰ ਚਲੇ ਗਏ ਸਨ।

ਬਲਾਕ ਸਿੱਖਿਆ ਅਫ਼ਸਰ ਅਸ਼ੋਕ ਕੁਮਾਰ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ। ਇਸ ਵਿਚ ਸਕੂਲ ਦੇ ਸਟਾਫ਼ ਦੀ ਲਾਪ੍ਰਵਾਹੀ ਰਹੀ ਹੈ। ਮਾਮਲੇ ਦੀ ਜਾਂਚ ਕਰ ਕੇ ਦੋਸ਼ੀ ਖਿਲਾਫ ਕਾਰਵਾਈ ਕੀਤੀ ਜਾਵੇਗੀ।


Rakesh

Content Editor

Related News