ਗਾਜ਼ੀਪੁਰ 'ਚ ਭਾਜਪਾ ਵਰਕਰਾਂ ਅਤੇ ਕਿਸਾਨਾਂ ਵਿਚਾਲੇ ਝੜਪ, ਕਈ ਲੋਕ ਜ਼ਖ਼ਮੀ
Wednesday, Jun 30, 2021 - 03:09 PM (IST)

ਗਾਜ਼ੀਆਬਾਦ- ਦਿੱਲੀ-ਉੱਤਰ ਪ੍ਰਦੇਸ਼ ਸਰਹੱਦ 'ਤੇ ਸਥਿਤ ਗਾਜ਼ੀਪੁਰ 'ਚ ਭਾਜਪਾ ਵਰਕਰਾਂ ਅਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਅੰਦੋਲਨਕਾਰੀ ਕਿਸਾਨਾਂ ਵਿਚਾਲੇ ਬੁੱਧਵਾਰ ਨੂੰ ਝੜਪ ਹੋ ਗਈ। ਚਸ਼ਮਦੀਦਾਂ ਅਨੁਸਾਰ, ਹੰਗਾਮਾ ਉਸ ਸਮੇਂ ਹੋਇਆ, ਜਦੋਂ ਭਾਜਪਾ ਵਰਕਰ ਉਸ ਫਲਾਈਓਵਰ ਤੋਂ ਆਪਣਾ ਜੁਲੂਸ ਕੱਢ ਰਹੇ ਸਨ, ਜਿੱਥੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਨਵੰਬਰ 2020 ਤੋਂ ਧਰਨੇ 'ਤੇ ਬੈਠੇ ਹੋਏ ਹਨ, ਜਿਨ੍ਹਾਂ 'ਚ ਜ਼ਿਆਦਾਤਰ ਭਾਰਤੀ ਕਿਸਾਨ ਯੂਨੀਅਨ ਦੇ ਸਮਰਥਕ ਹਨ। ਉਨ੍ਹਾਂ ਦੱਸਿਆ ਕਿ ਦੁਪਹਿਰ ਕਰੀਬ 12 ਵਜੇ ਦਿੱਲੀ-ਮੇਰਠ ਐਕਸਪ੍ਰੈੱਸ 'ਤੇ ਦੋਵੇਂ ਪੱਖ ਆਹਮਣੇ-ਸਾਹਮਣੇ ਆ ਗਏ ਅਤੇ ਝਗੜਾ ਸ਼ੁਰੂ ਹੋ ਗਿਆ। ਡੰਡਿਆਂ ਨਾਲ ਹਮਲਾ ਹੋਣ ਕਾਰਨ ਕੁਝ ਲੋਕ ਜ਼ਖਮੀ ਹੋ ਗਏ। ਸੋਸ਼ਲ ਮੀਡੀਆ 'ਤੇ ਵੀਡੀਓ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਕੁਝ ਗੱਡੀਆਂ ਨੁਕਸਾਨੀਆਂ ਦਿੱਸ ਰਹੀਆਂ ਹਨ। ਇਹ ਗੱਡੀਆਂ ਭਾਜਪਾ ਨੇਤਾ ਅਮਿਤ ਵਾਲਮੀਕਿ ਦੇ ਕਾਫ਼ਲੇ ਦਾ ਹਿੱਸਾ ਸਨ ਅਤੇ ਉਨ੍ਹਾਂ ਦੇ ਸੁਆਗਤ ਲਈ ਹੀ ਜੁਲੂਸ ਕੱਢਿਆ ਜਾ ਰਿਹਾ ਸੀ।
ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਇਹ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕੁਚਲਣ ਅਤੇ ਇਸ ਨੂੰ ਬਦਨਾਮ ਕਰਨ ਦੀ ਸਰਕਾਰ ਦੀ ਇਕ ਹੋਰ ਸਾਜਿਸ਼ ਹੈ। ਸੰਯੁਕਤ ਕਿਸਾਨ ਮੋਰਚਾ ਦੇ ਬੁਲਾਰੇ ਜਗਤਾਰ ਸਿੰਘ ਬਾਜਵਾ ਨੇ ਦਾਅਵਾ ਕੀਤਾ ਕਿ ਗਾਜ਼ੀਪੁਰ ਬਾਰਡਰ 'ਤੇ ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰੀ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ ਕਿ ਉਹ ਪਾਰਟੀ ਵਰਕਰਾਂ ਨੂੰ ਹਟਾਉਣ, ਕਿਉਂਕਿ ਉਹ ਸੁਆਗਤ ਰੈਲੀ ਦੇ ਨਾਮ 'ਤੇ ਹੰਗਾਮਾ ਕਰ ਰਹੇ ਹਨ। ਬਾਜਵਾ ਨੇ ਕਿਹਾ,''ਉਨ੍ਹਾਂ ਨੇ ਕਿਸਾਨਾਂ ਨਾਲ ਗਲਤ ਰਵੱਈਆ ਕੀਤਾ ਅਤੇ ਇਕ ਸਾਜਿਸ਼ ਦੇ ਅਧੀਨ ਖ਼ੁਦ ਆਪਣੇ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ। ਸਰਕਾਰ ਦੀ ਇਹ ਸਾਜਿਸ਼ ਕਾਮਯਾਬ ਨਹੀਂ ਹੋਣ ਵਾਲੀ ਹੈ, ਕਿਉਂਕਿ ਪਹਿਲਾਂ ਹੀ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਖ਼ਤਮ ਕਰਨ ਲਈ ਇਸ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਚੁਕੇ ਹਨ।'' ਉਨ੍ਹਾਂ ਕਿਹਾ,''ਅਸੀਂ ਬੁੱਧਵਾਰ ਦੀ ਘਟਨਾ ਨੂੰ ਲੈ ਕੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਉਣ ਜਾ ਰਹੇ ਹਨ ਅਤੇ ਜੇਕਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੈ ਤਾਂ ਅਸੀਂ ਉਸ ਦੇ ਹਿਸਾਬ ਨਾਲ ਆਪਣੀ ਭਵਿੱਖ ਦੀ ਰਣਨੀਤੀ ਦੀ ਯੋਜਨਾ ਬਣਾਉਣਗੇ।'' ਬਾਜਵਾ ਨੇ ਕਿਹਾ,''ਅਸੀਂ ਭਾਜਪਾ ਵਲੋਂ ਕੀਤੇ ਗਏ ਹੰਗਾਮੇ ਦੀ ਨਿੰਦਾ ਕਰਦੇ ਹਾਂ।'' ਉਨ੍ਹਾਂ ਕਿਹਾ ਕਿ ਇਹ ਹੱਥਕੰਡੇ ਕੰਮ ਨਹੀਂ ਕਰਨਗੇ, ਕਿਉਂਕਿ ਕਿਸਾਨਾਂ ਦਾ ਅੰਦੋਲਨ ਸ਼ਾਂਤੀਪੂਰਨ ਤਰੀਕੇ ਨਾਲ ਪਿਛਲੇ 7 ਮਹੀਨਿਆਂ ਤੋਂ ਚੱਲ ਰਿਹਾ ਹੈ ਅਤੇ ਭਵਿੱਖ 'ਚ ਵੀ ਜਾਰੀ ਰਹੇਗਾ।
ਇਹ ਵੀ ਪੜ੍ਹੋ : ਪਿੰਡ ਵਾਸੀਆਂ ਨੇ ਕਿਸਾਨਾਂ ਨੂੰ ਦਿੱਤਾ ਇਕ ਹਫ਼ਤੇ ਅੰਦਰ ਸਿੰਘੂ ਸਰਹੱਦ ਦਾ ਰਸਤਾ ਖੋਲ੍ਹਣ ਦਾ ਅਲਟੀਮੇਟਮ