ਮਹਾਸ਼ਿਵਰਾਤਰੀ ਮੌਕੇ ਤਾਜ ਮਹਿਲ ’ਚ ਪੂਜਾ ਕਰਨ ਪੁੱਜੇ 3 ਲੋਕ, CISF ਨੇ ਲਿਆ ਹਿਰਾਸਤ ’ਚ

03/11/2021 1:46:45 PM

ਆਗਰਾ— ਉੱਤਰ ਪ੍ਰਦੇਸ਼ ਦੇ ਆਗਰਾ ਵਿਚ ਮਹਾਸ਼ਿਵਰਾਤਰੀ ਮੌਕੇ ’ਤੇ ਤਾਜ ਮਹਿਲ ਵਿਚ ਸ਼ਿਵ ਪੂਜਾ ਕਰਨ ਪਹੁੰਚੀ ਹਿੰਦੂਵਾਦੀ ਸੰਗਠਨ ਦੀ ਬੀਬੀ ਅਹੁਦਾ ਅਧਿਕਾਰੀ ਅਤੇ ਦੋ ਵਰਕਰਾਂ ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਦਸਤੇ (ਸੀ. ਆਈ. ਐੱਸ. ਐੱਫ.) ਨੇ ਹਿਰਾਸਤ ਵਿਚ ਲਿਆ ਹੈ। ਤਿੰਨਾਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਸ ਉਨ੍ਹਾਂ ਤੋਂ ਪੁੱਛ-ਗਿੱਛ ਕਰ ਰਹੀ ਹੈ। 

ਪ੍ਰਸ਼ਾਸਨ ਮੁਤਾਬਕ ਤਾਜ ਮਹਿਲ ’ਚ ਤਿੰਨ ਦਿਨਾਂ ਸ਼ਾਹਜਹਾਂ ਦਾ ਉਰਸ ਚੱਲ ਰਿਹਾ ਹੈ। ਨਿਯਮ ਮੁਤਾਬਕ ਤਾਜ ਮਹਿਲ ਵਿਚ ਜੁਮਾ ਦੀ ਨਮਾਜ਼ ਅਤੇ ਉਰਸ ਦੇ ਸਿਵਾਏ ਕਿਸੇ ਹੋਰ ਧਾਰਮਿਕ ਗਤੀਵਿਧੀ ’ਤੇ ਪਾਬੰਦੀ ਹੈ। ਇਸ ਦੇ ਬਾਵਜੂਦ ਮਹਾਸ਼ਿਵਰਾਤਰੀ ਦੇ ਮੌਕੇ ਹਿੰਦੂਵਾਦੀ ਸੰਗਠਨ ਦੇ ਤਿੰਨ ਵਰਕਰ ਤਾਜ ਮਹਿਲ ’ਚ ਪੂਜਾ ਕਰਨ ਪੁੱਜੇ ਸਨ। ਇਹ ਵਰਕਰ ਤਾਜ ਕੰਪਲੈਕਸ ਵਿਚ ਬੈਠ ਕੇ ਪੂਜਾ ਕਰਨ ਲੱਗੇ। ਸੀ. ਆਈ. ਐੱਸ. ਐੱਫ. ਦੀ ਜਿਵੇਂ ਹੀ ਨਜ਼ਰ ਪੂਜਾ ਕਰ ਰਹੇ ਲੋਕਾਂ ’ਤੇ ਪਈ ਤਾਂ ਉਨ੍ਹਾਂ ਨੂੰ ਫੜ ਲਿਆ ਗਿਆ। 

ਸੀ. ਆਈ. ਐੱਸ. ਐੱਫ. ਨੇ ਤਿੰਨਾਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਪੁਲਸ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਕੇ ਤਾਜਗੰਜ ਥਾਣੇ ਲੈ ਆਈ। ਸੂਚਨਾ ’ਤੇ ਹਿੰਦੂ ਮਹਾਸਭਾ ਦੇ ਰਾਸ਼ਟਰੀ ਬੁਲਾਰੇ ਸੰਜੈ ਜਾਟ ਅਤੇ ਜ਼ਿਲ੍ਹਾ ਪ੍ਰਧਾਨ ਰੌਣਕ ਠਾਕੁਰ ਸਮੇਤ ਵਰਕਰ ਤਾਜਗੰਜ ਥਾਣੇ ਪਹੁੰਚ ਗਏ। ਦੱਸ ਦੇਈਏ ਕਿ ਤਾਜ ਮਹਿਲ ਕੰਪਲੈਕਸ ਵਿਚ ਬੀਤੇ ਦਿਨੀਂ ਇਕ ਸੰਗਠਨ ਨੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਸੀ।


Tanu

Content Editor

Related News