ਜਨਤਕ ਥਾਂਵਾਂ ''ਤੇ ਸਿਗਰਟਨੋਸ਼ੀ ਸਭ ਤੋਂ ਜ਼ਿਆਦਾ ਗੁਜਰਾਤ ''ਚ, ਦੁਕਾਨਦਾਰਾਂ ਦੇ ਕੱਟੇ ਗਏ ਚਾਲਾਨ
Thursday, Jul 25, 2019 - 10:43 AM (IST)

ਨਵੀਂ ਦਿੱਲੀ— ਸਿਗਰਟ ਪੀਣਾ ਸਿਹਤ ਲਈ ਖਤਰਨਾਕ ਹੈ, ਫਿਰ ਵੀ ਲੋਕ ਇਸ ਨੂੰ ਨਹੀਂ ਛੱਡਦੇ। ਇਸ ਦਾ ਧੂੰਆਂ ਦੂਜੇ ਇਨਸਾਨਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਭਾਰਤ 'ਚ ਸਭ ਤੋਂ ਜ਼ਿਆਦਾ ਲੋਕ ਸਿਗਰਟ ਪੀਂਦੇ ਹਨ। ਜਨਤਕ ਥਾਂਵਾਂ 'ਤੇ ਸਿਗਰਟਨੋਸ਼ੀ ਕਰਨ ਵਾਲਿਆਂ ਵਿਚ ਗੁਜਰਾਤ ਦੇ ਲੋਕ ਸਭ ਤੋਂ ਅੱਗੇ ਹਨ, ਜਦਕਿ ਰਾਜਸਥਾਨ 'ਚ ਸਿੱਖਿਆ ਸੰਸਥਾਵਾਂ ਦੇ 100 ਮੀਟਰ ਦੇ ਦਾਇਰੇ ਵਿਚ ਸਿਗਰਟਨੋਸ਼ੀ ਦੀ ਸਮੱਗਰੀ ਸਭ ਤੋਂ ਵੱਧ ਵੇਚੀ ਜਾਂਦੀ ਹੈ। ਤੰਬਾਕੂ ਉਤਪਾਦ ਦੇ ਸੇਵਨ ਦੇ ਕੋਟਪਾ (ਸਿਗਰਟ ਐਂਡ ਅਦਰ ਟੋਬੈਕੋ ਪ੍ਰੋਡੈਕਟ) ਐਕਟ ਤਹਿਤ ਹੋਣ ਵਾਲੀ ਕਾਰਵਾਈ ਦੌਰਾਨ ਪਿਛਲੇ ਸਾਲ 4 ਕਰੋੜ 34 ਲੱਖ 79 ਹਜ਼ਾਰ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ। ਅਰੁਣਾਚਲ ਪ੍ਰਦੇਸ਼ ਵਿਚ ਸਿਰਫ ਇਕ ਵਿਅਕਤੀ ਵਿਰੁੱਧ ਕਾਰਵਾਈ ਕੀਤੀ ਗਈ। ਕੇਂਦਰ ਦੇ ਇਸ ਕਾਨੂੰਨ 'ਤੇ ਸੂਬਾ ਸਰਕਾਰ ਕਰਵਾਈ ਕਰਦੀ ਹੈ।
ਤੰਬਾਕੂ ਸੇਵਨ ਨਾਲ ਹੋਣ ਵਾਲੀਆਂ ਬੀਮਾਰੀਆਂ ਕਾਰਨ ਹਰ ਸਾਲ 2 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੁੰਦੀ ਹੈ। ਗੁਜਰਾਤ ਵਿਚ ਜਨਤਕ ਥਾਂ 'ਤੇ ਸਿਗਰਟਨੋਸ਼ੀ ਕਰਨ 'ਤੇ 65 ਹਜ਼ਾਰ 770 ਲੋਕਾਂ ਤੋਂ 53 ਲੱਖ 9 ਹਜ਼ਾਰ 367 ਰੁਪਏ ਜੁਰਮਾਨਾ ਵਸੂਲਿਆ ਗਿਆ। ਇਸ ਤੋਂ ਇਲਾਵਾ 8 ਹਜ਼ਾਰ ਦੇ ਕਰੀਬ ਦੁਕਾਨਦਾਰਾਂ ਦੇ ਚਾਲਾਨ ਇਸ ਲਈ ਕੱਟੇ ਗਏ ਕਿਉਂਕਿ ਉਨ੍ਹਾਂ ਨੇ 18 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਤੰਬਾਕੂ ਉਤਪਾਦ ਵੇਚਿਆ ਸੀ। ਰਾਜਸਥਾਨ 'ਚ 29 ਹਜ਼ਾਰ 885 ਚਾਲਾਨ ਕੱਟੇ ਗਏ, ਕਿਉਂਕਿ ਇੱਥੇ ਸਿੱਖਿਆ ਸੰਸਥਾਵਾਂ ਦੇ 100 ਮੀਟਰ ਦਾਇਰੇ ਵਿਚ ਤੰਬਾਕੂ ਉਤਪਾਦ ਦੀ ਵਿਕਰੀ ਹੋ ਰਹੀ ਸੀ। ਸਭ ਤੋਂ ਜ਼ਿਆਦਾ ਆਬਾਦੀ ਹੋਣ ਤੋਂ ਬਾਅਦ ਵੀ ਉੱਤਰ ਪ੍ਰਦੇਸ਼ ਵਿਚ ਮਹਿਜ 277 ਚਾਲਾਨ ਕੱਟੇ ਗਏ ਹਨ, ਜਦਕਿ ਬਿਹਾਰ ਵਿਚ 823 ਲੋਕਾਂ ਦੇ ਹੀ ਚਾਲਾਨ ਹੋਏ।