ਪਟਾਕਾ ਮਾਰਕੀਟ ’ਚ ਪੈ ਰਹੀਆਂ ਅੜਚਨਾਂ, ਸਿਆਸਤ ਤੇ ਅਫ਼ਸਰਸ਼ਾਹੀ ਦੇ ਜਾਲ ’ਚ ਉਲਝ ਕੇ ਰਹਿ ਗਏ ਕਾਰੋਬਾਰੀ

Friday, Oct 17, 2025 - 12:33 PM (IST)

ਪਟਾਕਾ ਮਾਰਕੀਟ ’ਚ ਪੈ ਰਹੀਆਂ ਅੜਚਨਾਂ, ਸਿਆਸਤ ਤੇ ਅਫ਼ਸਰਸ਼ਾਹੀ ਦੇ ਜਾਲ ’ਚ ਉਲਝ ਕੇ ਰਹਿ ਗਏ ਕਾਰੋਬਾਰੀ

ਜਲੰਧਰ (ਖੁਰਾਣਾ)–ਦੀਵਾਲੀ ਵਰਗੇ ਪ੍ਰਮੁੱਖ ਤਿਉਹਾਰ ਵਿਚ ਹੁਣ ਸਿਰਫ਼ 3-4 ਦਿਨ ਬਾਕੀ ਰਹਿ ਗਏ ਹਨ ਪਰ ਜਲੰਧਰ ਸ਼ਹਿਰ ਵਿਚ ਪਟਾਕਾ ਮਾਰਕੀਟ ਨੂੰ ਲੈ ਕੇ ਸਥਿਤੀ ਅਜੇ ਵੀ ਸਪੱਸ਼ਟ ਨਹੀਂ ਹੋ ਸਕੀ ਹੈ। ਨਾ ਤਾਂ ਪੁਲਸ ਨੇ ਹੁਣ ਤਕ ਕਿਸੇ ਸਥਾਨ ਨੂੰ ਨੋਟੀਫਾਈ ਕੀਤਾ ਹੈ ਅਤੇ ਨਾ ਹੀ ਪਟਾਕਾ ਕਾਰੋਬਾਰੀਆਂ ਨੂੰ ਲਾਇਸੈਂਸ ਜਾਰੀ ਕੀਤੇ ਗਏ ਹਨ। ਅਜਿਹੇ ਵਿਚ ਕਰੋੜਾਂ ਰੁਪਏ ਦਾ ਸਟਾਕ ਰੱਖਣ ਵਾਲੇ ਪਟਾਕਾ ਕਾਰੋਬਾਰੀ ਇਸ ਵਾਰ ਸਿਆਸਤ ਅਤੇ ਅਫ਼ਸਰਸ਼ਾਹੀ ਦੇ ਚੱਕਰਵਿਊ ਵਿਚ ਫਸ ਕੇ ਰਹਿ ਗਏ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਪਟਾਕਾ ਮਾਰਕੀਟ ਬਰਲਟਨ ਪਾਰਕ ਦੀ ਖੁੱਲ੍ਹੀ ਗਰਾਊਂਡ ਵਿਚ ਲੱਗਦੀ ਆ ਰਹੀ ਸੀ ਪਰ ਇਸ ਵਾਰ ਇਥੇ ਸਪੋਰਟਸ ਹੱਬ ਦਾ ਨਿਰਮਾਣ ਕਾਰਜ ਚੱਲਣ ਕਾਰਨ ਮਾਰਕੀਟ ਲੱਗਣ ਦੀ ਆਗਿਆ ਨਹੀਂ ਦਿੱਤੀ ਗਈ। ਪਿਛਲੇ 2-3 ਮਹੀਨਿਆਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਪ੍ਰਸ਼ਾਸਨ ਪਟਾਕਾ ਮਾਰਕੀਟ ਲਈ ਢੁੱਕਵਾਂ ਸਥਾਨ ਲੱਭ ਰਹੇ ਹਨ। ਜਿਹੜੀਆਂ-ਜਿਹੜੀਆਂ ਥਾਵਾਂ ਦਾ ਪ੍ਰਸਤਾਵ ਰੱਖਿਆ ਗਿਆ, ਉਨ੍ਹਾਂ ਵਿਚ ਵੱਖ-ਵੱਖ ਖਾਮੀਆਂ ਨਿਕਲ ਆਈਆਂ, ਜਿਸ ਨਾਲ ਕੋਈ ਵੀ ਥਾਂ ਫਾਈਨਲ ਨਹੀਂ ਹੋ ਸਕੀ।

ਇਹ ਵੀ ਪੜ੍ਹੋ: ਜਲੰਧਰ 'ਚ ਥਾਣੇ ਬਾਹਰ ਨਿਹੰਗ ਸਿੰਘਾਂ ਦਾ ਹੰਗਾਮਾ! SHO ਵੀ ਭੜਕੇ, ਪੂਰਾ ਮਾਮਲਾ ਕਰੇਗਾ ਹੈਰਾਨ

ਕੁਝ ਦਿਨ ਪਹਿਲਾਂ ਪਟਾਕਾ ਕਾਰੋਬਾਰੀਆਂ ਨੇ ਆਪਣੇ ਪੱਧਰ ’ਤੇ ਪਠਾਨਕੋਟ ਚੌਕ ਨੇੜੇ ਖਾਲੀ ਪਈ ਜ਼ਮੀਨ ’ਤੇ ਮਾਰਕੀਟ ਲਾਉਣ ਦੀ ਯੋਜਨਾ ਬਣਾਈ ਸੀ। ਪਹਿਲਾਂ ਤਾਂ ਅਧਿਕਾਰੀਆਂ ਨੇ ਸਹਿਮਤੀ ਜਤਾਈ ਪਰ ਹੁਣ ਉਸ ਥਾਂ ’ਤੇ ਵੀ ਕਈ ਤਰ੍ਹਾਂ ਦੀਆਂ ਅੜਚਨਾਂ ਪਾਈਆਂ ਜਾ ਰਹੀਆਂ ਹਨ। ਸੂਤਰਾਂ ਅਨੁਸਾਰ ਜਲੰਧਰ ਪੁਲਸ ਨੇ ਹੁਣ ਤਕ ਇਸ ਥਾਂ ਨੂੰ ਨੋਟੀਫਾਈ ਨਹੀਂ ਕੀਤਾ ਹੈ। ਵੀਰਵਾਰ ਸਾਰਾ ਦਿਨ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਤਕ ਥਾਂ ਦਾ ਮੁਆਇਨਾ ਕਰਦੇ ਰਹੇ। ਕੁਝ ਅਧਿਕਾਰੀਆਂ ਨੇ ਸਹਿਯੋਗਾਤਮਕ ਰਵੱਈਆ ਵਿਖਾਇਆ, ਜਦਕਿ ਕੁਝ ਨੇ ਇਤਰਾਜ਼ ਜਤਾਇਆ। ਦੱਸਿਆ ਜਾ ਰਿਹਾ ਹੈ ਕਿ ਇਸ ਥਾਂ ਨਾਲ ਲੱਗਦੇ ਪੈਟਰੋਲ ਪੰਪ ਨੂੰ ਲੈ ਕੇ ਵੀ ਇਤਰਾਜ਼ ਦਰਜ ਕਰਵਾਇਆ ਜਾ ਰਿਹਾ ਹੈ। ਫਿਲਹਾਲ ਸਥਿਤੀ ਇਹ ਹੈ ਕਿ ਪੁਲਸ ਤੋਂ ਲਾਇਸੈਂਸ ਲਏ ਬਿਨਾਂ ਪਟਾਕਾ ਕਾਰੋਬਾਰੀ ਆਪਣਾ ਵਪਾਰ ਸ਼ੁਰੂ ਨਹੀਂ ਕਰ ਸਕਦੇ, ਜਿਸ ਕਾਰਨ ਉਨ੍ਹਾਂ ਵਿਚ ਭਾਰੀ ਨਿਰਾਸ਼ਾ ਅਤੇ ਗੁੱਸਾ ਵੇਖਿਆ ਜਾ ਰਿਹਾ ਹੈ।

ਇਸ ਪੂਰੇ ਮਾਮਲੇ ਵਿਚ ਸਿਆਸੀ ਦਖ਼ਲਅੰਦਾਜ਼ੀ ਵੀ ਲਗਾਤਾਰ ਵੇਖਣ ਨੂੰ ਮਿਲੀ ਹੈ। ਸ਼ੁਰੂਆਤ ਵਿਚ ਸੀਨੀਅਰ ਡਿਪਟੀ ਮੇਅਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਬਲਬੀਰ ਸਿੰਘ ਬਿੱਟੂ ਨੇ ਪਿੰਡ ਚੋਹਕਾਂ ਦੀ ਖਾਲੀ ਜ਼ਮੀਨ ’ਤੇ ਮਾਰਕੀਟ ਲਾਉਣ ਦਾ ਸੁਝਾਅ ਦਿੱਤਾ ਸੀ। ਇਸ ਤੋਂ ਬਾਅਦ 'ਆਪ' ਦੇ ਉੱਤਰੀ ਹਲਕਾ ਇੰਚਾਰਜ ਦਿਨੇਸ਼ ਢੱਲ ਨੇ ਬੇਅੰਤ ਸਿੰਘ ਪਾਰਕ ਵਾਲੀ ਥਾਂ ਪ੍ਰਸਤਾਵਿਤ ਕੀਤੀ ਪਰ ਉਥੇ ਵੀ ਗੱਲ ਨਹੀਂ ਬਣੀ। ਇਸ ਦੇ ਬਅਦ ਭਾਜਪਾ ਆਗੂ ਕੇ. ਡੀ. ਭੰਡਾਰੀ ਨੇ ਆਪਣੇ ਜਾਣਕਾਰ ਜ਼ਰੀਏ ਨਵੀਂ ਥਾਂ ਦਾ ਪ੍ਰਬੰਧ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਸੇ ਵਿਚਕਾਰ ਕਾਂਗਰਸ ਸਮਰਥਿਤ ਪ੍ਰਧਾਨ ਰਾਣਾ ਹਰਸ਼ ਵਰਮਾ ਨੇ ਲਾਇਲਪੁਰ ਸਕੂਲ ਵਿਚ ਜਗ੍ਹਾ ਲੈ ਕੇ ਐਗਰੀਮੈਂਟ ਤਕ ਕਰ ਲਿਆ ਪਰ ਜਦੋਂ ਉਥੇ ਆਗਿਆ ਨਹੀਂ ਮਿਲੀ ਤਾਂ ਉਹ ਹਾਈ ਕੋਰਟ ਪਹੁੰਚ ਗਏ, ਹਾਲਾਂਕਿ ਉਨ੍ਹਾਂ ਦੀ ਪਟੀਸ਼ਨ ਹੁਣ ਰੱਦ ਹੋ ਚੁੱਕੀ ਹੈ ਪਰ ਨਵੀਂ ਜਗ੍ਹਾ ਨੂੰ ਲੈ ਕੇ ਵਿਵਾਦ ਅਜੇ ਵੀ ਬਰਕਰਾਰ ਹੈ।
ਹੁਣ ਸਭ ਦੀਆਂ ਨਜ਼ਰਾਂ 17 ਅਕਤੂਬਰ ਨੂੰ ਹੋਣ ਵਾਲੇ ਪੁਲਸ ਪ੍ਰਸ਼ਾਸਨ ਦੇ ਫ਼ੈਸਲੇ ’ਤੇ ਟਿਕੀਆਂ ਹਨ। ਜੇਕਰ ਪੁਲਸ ਵਿਭਾਗ ਵੱਲੋਂ ਪ੍ਰਸਤਾਵਿਤ ਥਾਂ ਨੂੰ ਨੋਟੀਫਾਈ ਕਰ ਦਿੱਤਾ ਗਿਆ ਅਤੇ ਲਾਇਸੈਂਸ ਜਾਰੀ ਕਰ ਦਿੱਤੇ ਗਏ ਤਾਂ ਸੰਭਵਾਨਾ ਹੈ ਕਿ 18 ਅਕਤੂਬਰ ਤੋਂ ਪਟਾਕਾ ਮਾਰਕੀਟ ਦੀਆਂ ਦੁਕਾਨਾਂ ਖੁੱਲ੍ਹ ਜਾਣ ਪਰ ਇਹ ਸਭ ਦੀਵਾਲੀ ਤੋਂ ਮਹਿਜ਼ 2 ਦਿਨ ਪਹਿਲਾਂ ਹੋਵੇਗਾ। ਅਜਿਹੇ ਵਿਚ ਇਹ ਵੱਡਾ ਸਵਾਲ ਹੈ ਕਿ ਸ਼ਹਿਰ ਵਾਸੀ ਪਟਾਕੇ ਕਿਥੋਂ ਖ਼ਰੀਦਣਗੇ ਅਤ ਕਾਰੋਬਾਰੀ ਆਪਣੇ ਸਟਾਕ ਦਾ ਕਿੰਨਾ ਹਿੱਸਾ ਵੇਚ ਪਾਉਣਗੇ।

ਇਹ ਵੀ ਪੜ੍ਹੋ: ਪੰਜਾਬ ਦੇ ਸਾਬਕਾ DGP ਮੁਹੰਮਦ ਮੁਸਤਫ਼ਾ ਦੇ ਇਕਲੌਤੇ ਪੁੱਤਰ ਦਾ ਦਿਹਾਂਤ

ਹਾਈ ਕੋਰਟ ਨੇ ਡ੍ਰਾਅ ਦੀ ਗਿਣਤੀ ਵਧਾਉਣ ’ਤੇ ਸਰਕਾਰ ਤੋਂ ਜਵਾਬ ਕੀਤਾ ਤਲਬ
ਪਟਾਕਾ ਕਾਰੋਬਾਰੀਆਂ ਵੱਲੋਂ ਡ੍ਰਾਅ ਦੀ ਗਿਣਤੀ ਵਧਾਉਣ ਨੂੰ ਲੈ ਕੇ ਦਾਖਲ ਕੀਤੀ ਗਈ ਪਟੀਸ਼ਨ ’ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ। ਜਲੰਧਰ ਦੇ ਭੰਡਾਰੀ ਗਰੁੱਪ, ਰਵੀ ਮਹਾਜਨ ਗਰੁੱਪ ਅਤੇ ਬੱਲੂ ਬਾਹਰੀ ਗਰੁੱਪ ਵੱਲੋਂ ਸਾਂਝੇ ਰੂਪ ਨਾਲ ਦਾਇਰ ਇਸ ਪਟੀਸ਼ਨ ਵਿਚ ਤਰਕ ਦਿੱਤਾ ਗਿਆ ਸੀ ਕਿ ਪਿਛਲੇ ਕਈ ਸਾਲਾਂ ਤੋਂ ਪਟਾਕਾ ਕਾਰੋਬਾਰੀਆਂ ਲਈ ਕੱਢੇ ਜਾਣ ਵਾਲੇ ਡ੍ਰਾਅ ਦੀ ਗਿਣਤੀ ਬਹੁਤ ਸੀਮਤ ਹੈ, ਜਦਕਿ ਇਸ ਮਿਆਦ ਵਿਚ ਜਨਸੰਖਿਆ ਵਿਚ ਭਾਰੀ ਵਾਧਾ ਹੋਇਆ ਹੈ ਅਤੇ ਕਾਰੋਬਾਰੀਆਂ ਦੀ ਗਿਣਤੀ ਵੀ ਪਹਿਲਾਂ ਦੀ ਤੁਲਨਾ ਵਿਚ ਵਧ ਚੁੱਕੀ ਹੈ।

ਅੱਜ ਇਸ ਪਟੀਸ਼ਨ ’ਤੇ ਹਾਈ ਕੋਰਟ ਦੇ ਚੀਫ ਜਸਟਿਸ ਦੀ ਪ੍ਰਧਾਨਗੀ ਵਾਲੇ ਬੈਂਚ ਵਿਚ ਸੁਣਵਾਈ ਹੋਈ। ਸੁਣਵਾਈ ਦੌਰਨ ਪਟਾਕਾ ਕਾਰੋਬਾਰੀਆਂ ਦੀਆਂ ਵੱਖ-ਵੱਖ ਸ਼ਹਿਰਾਂ ਤੋਂ ਦਾਖਲ ਹੋਰਨਾਂ ਪਟੀਸ਼ਨਾਂ ’ਤੇ ਵੀ ਬਹਿਸ ਹੋਈ। ਦੋਵਾਂ ਧਿਰਾਂ ਦੇ ਵਕੀਲਾਂ ਦੀ ਬਹਿਸ ਸੁਣਨ ਦੇ ਬਾਅਦ ਅਦਾਲਤ ਨੇ ਹੋਰਨਾਂ ਸ਼ਹਿਰਾਂ ਨਾਲ ਸਬੰਧਤ ਸਾਰੀਆਂ ਪਟੀਸ਼ਨਾਂ ਨੂੰ ਖਾਰਿਜ ਕਰ ਦਿੱਤਾ ਪਰ ਜਲੰਧਰ ਨਾਲ ਸਬੰਧਤ ਪਟੀਸ਼ਨ ਨੂੰ ਸੁਣਵਾਈ ਲਈ ਬਰਕਰਾਰ ਰੱਖਿਆ।

ਸੂਤਰਾਂ ਅਨਸਾਰ ਮਾਣਯੋਗ ਅਦਾਲਤ ਨੇ ਇਸ ਪਟੀਸ਼ਨ ਵਿਚ ਉਠਾਏ ਗਏ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਰਕਾਰੀ ਧਿਰ ਨੂੰ ਇਹ ਸਪੱਸ਼ਟ ਕਰਨ ਨੂੰ ਕਿਹਾ ਹੈ ਕਿ ਡ੍ਰਾਅ ਦੀ ਗਿਣਤੀ ਵਧਾਉਣ ’ਤੇ ਕੀ ਕਦਮ ਚੁੱਕੇ ਜਾ ਸਕਦੇ ਹਨ। ਅਦਾਲਤ ਨੇ ਸਰਕਾਰ ਤੋਂ ਇਸ ਸਬੰਧ ਵਿਚ ਵਿਸਤ੍ਰਿਤ ਜਵਾਬ ਮੰਗਿਆ ਹੈ। ਜਾਣਕਾਰੀ ਅਨੁਸਾਰ ਅਦਾਲਤ ਦਾ ਇਹ ਫ਼ੈਸਲਾ ਸੰਭਾਵਨਾ ਹੈ ਕਿ ਅਗਲੇ ਸਾਲ ਤੋਂ ਲਾਗੂ ਹੋ ਪਾਵੇਗਾ। ਫਿਲਹਾਲ ਪਟਾਕਾ ਕਾਰੋਬਾਰੀ ਇਸ ਗੱਲ ਨੂੰ ਲੈ ਕੇ ਆਸਵੰਦ ਹਨ ਕਿ ਆਉਣ ਵਾਲੇ ਸਾਲਾਂ ਵਿਚ ਡ੍ਰਾਅ ਦੀ ਗਿਣਤੀ ਮੌਜੂਦਾ 20 ਤੋਂ ਵਧਾ ਕੇ ਵਧੇਰੇ ਕੀਤੀ ਜਾਵੇਗੀ, ਜਿਸ ਨਾਲ ਵਧੇਰੇ ਗਿਣਤੀ ਵਿਚ ਕਾਰੋਬਾਰੀਆਂ ਨੂੰ ਲਾਇਸੈਂਸ ਮਿਲ ਸਕੇਗਾ ਅਤੇ ਉਨ੍ਹਾਂ ਨੂੰ ਆਪਣੇ ਵਪਾਰ ਦੇ ਮੌਕੇ ਮਿਲ ਸਕਣਗੇ।

ਇਹ ਵੀ ਪੜ੍ਹੋ:ਜਲੰਧਰ 'ਚ ਵਾਪਰਿਆ ਰੂਹ ਕੰਬਾਊ ਹਾਦਸਾ! ਸਾਬਕਾ ਸਰਪੰਚ ਦੀ ਮੌਤ, ਦੂਰ ਤੱਕ ਘੜੀਸਦੀ ਲੈ ਗਈ ਥਾਰ ਗੱਡੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News