ਚੀਨ ਨੇ ਲੱਦਾਖ ਦੇ ਗੋਗਰਾ, ਹੌਟ ਸਪ੍ਰਿੰਗਜ਼ ਤੋਂ ਪਿੱਛੇ ਹਟਣ ਲਈ ਕੀਤਾ ਇਨਕਾਰ

Sunday, Apr 11, 2021 - 11:49 AM (IST)

ਚੀਨ ਨੇ ਲੱਦਾਖ ਦੇ ਗੋਗਰਾ, ਹੌਟ ਸਪ੍ਰਿੰਗਜ਼ ਤੋਂ ਪਿੱਛੇ ਹਟਣ ਲਈ ਕੀਤਾ ਇਨਕਾਰ

ਨਵੀਂ ਦਿੱਲੀ- ਭਾਰਤ ਅਤੇ ਚੀਨ ਵਿਚਕਾਰ ਸਰਹੱਦ 'ਤੇ ਤਣਾਅ ਘੱਟ ਕਰਨ ਦੀ ਕੋਸ਼ਿਸ਼ ਤਹਿਤ ਦੋਹਾਂ ਦੇਸ਼ਾਂ ਦਰਮਿਆਨ ਫ਼ੌਜੀ ਪੱਧਰ ਦੀ ਗੱਲਬਾਤ ਦਾ ਦੌਰ ਜਾਰੀ ਹੈ। ਇਸ ਵਿਚਕਾਰ ਰਿਪੋਰਟਾਂ ਮੁਤਾਬਕ, ਚੀਨੀ ਫ਼ੌਜ ਨੇ ਪੂਰਬੀ ਲੱਦਾਖ ਵਿਚ ਗੋਗਰਾ ਅਤੇ ਹਾਟ ਸਪ੍ਰਿੰਗਜ਼ ਤੋਂ ਆਪਣੇ ਫ਼ੌਜੀ ਅਤੇ ਗੱਡੀਆਂ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ। ਚੀਨ ਵੱਲੋਂ ਇਹ ਅੜੀਅਲ ਰਵੱਈਆ ਫਰਵਰੀ ਵਿਚ ਪੈਂਗੋਂਗ ਝੀਲ ਸੈਕਟਰ 'ਤੇ ਦੋਹਾਂ ਪੱਧਰ 'ਤੇ ਫ਼ੌਜੀਆਂ ਨੂੰ ਪਿੱਛੇ ਹਟਾਉਣ ਨੂੰ ਲੈ ਕੇ ਬਣੀ ਸਹਿਮਤੀ ਤੋਂ ਬਾਅਦ ਆਇਆ ਹੈ।

ਰਿਪੋਰਟਾਂ ਮੁਤਾਬਕ, ਸ਼ੁੱਕਰਵਾਰ ਨੂੰ ਭਾਰਤ ਅਤੇ ਚੀਨ ਦਰਮਿਆਨ 11ਵੇਂ ਦੌਰ ਦੀ ਫ਼ੌਜੀ ਪੱਧਰ ਦੀ ਬੈਠਕ ਦੌਰਾਨ ਚੀਨ ਦੀ ਫ਼ੌਜ ਨੇ ਆਪਣੀ ਸਥਿਤੀ ਤੋਂ ਪਿੱਛੇ ਹੋਣ ਤੋਂ ਇਨਕਾਰ ਕੀਤਾ ਹੈ। ਫ਼ੌਜੀ ਪੱਧਰ ਦੀ ਇਹ ਗੱਲਬਾਤ 13 ਘੰਟੇ ਤੱਕ ਚੱਲੀ। ਭਾਰਤੀ ਫ਼ੌਜ ਨੇ ਕੱਲ੍ਹ ਦੀ ਬੈਠਕ ਤੋਂ ਬਾਅਦ ਜਾਰੀ ਬਿਆਨ ਵਿਚ ਕਿਹਾ ਕਿ ਵਿਵਾਦ ਖ਼ਤਮ ਕਰਨ ਲਈ ਗੱਲਬਾਤ ਦਾ ਦੌਰ ਜਾਰੀ ਰਹੇਗਾ।

ਬਿਆਨ ਵਿਚ ਕਿਹਾ ਗਿਆ ਹੈ ਕਿ ਦੋਹਾਂ ਪੱਖਾਂ ਨੇ ਮੌਜੂਦਾ ਸਮਝੌਤਿਆਂ ਅਤੇ ਪ੍ਰੋਟੋਕਾਲ ਅਨੁਸਾਰ ਜਲਦ ਤੋਂ ਜਲਦ ਲਟਕੇ ਮੁੱਦਿਆਂ ਦਾ ਹੱਲ ਕਰਨ ਦੀ ਜ਼ਰੂਰਤ 'ਤੇ ਸਹਿਮਤੀ ਜਤਾਈ ਹੈ। ਰਿਪੋਰਟਾਂ ਮੁਤਾਬਕ, ਪੂਰਬੀ ਲੱਦਾਖ ਦੇ ਗੋਗਰਾ, ਹੌਟ ਸਪ੍ਰਿੰਗਜ਼ ਅਤੇ ਕੋਂਗਕਾ ਲਾ ਖੇਤਰ ਚੀਨ ਦੇ ਲਿਹਾਜ ਨਾਲ ਅਹਿਮ ਹਨ। ਚੀਨੀ ਫ਼ੌਜ ਲਈ ਇੱਥੋਂ ਵੱਡੀ ਮਾਤਰਾ ਵਿਚ ਰਸਦ ਦੀ ਸੁਵਿਧਾ ਹੈ। ਪੂਰਬੀ ਲੱਦਾਖ ਦਾ ਇਹ ਉਹੀ ਖੇਤਰ ਹੈ ਜਿਥੇ ਭਾਰਤੀ ਅਤੇ ਚੀਨੀ ਫ਼ੌਜਾਂ ਦੇ ਦਸਤੇ ਇਕ ਦੂਜੇ ਤੋਂ ਕੁਝ ਮੀਟਰ ਦੀ ਦੂਰੀ 'ਤੇ ਸਥਿਤ ਸਨ।


author

Sanjeev

Content Editor

Related News