ਪੇਈਚਿੰਗ ਪੁੱਜੇ ਪਾਕਿ ਵਿਦੇਸ਼ ਮੰਤਰੀ, ਚੀਨ ਨੇ ਕਿਹਾ-ਗੱਲਬਾਤ ਰਾਹੀਂ ਵਿਵਾਦ ਨੂੰ ਸੁਲਝਾਉਣਾ ਚਾਹੀਦੈ

08/10/2019 9:17:31 AM

ਪੇਈਚਿੰਗ , (ਏਜੰਸੀਆਂ)—  ਕਸ਼ਮੀਰ ਮੁੱਦੇ 'ਤੇ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਤਹਿਤ ਚੀਨ ਦਾ ਸਮਰਥਨ ਹਾਸਲ ਕਰਨ ਲਈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਪੇਈਚਿੰਗ ਪਹੁੰਚੇ ਹਨ। ਉਥੇ ਚੀਨ ਦੇ ਵਿਦੇਸ਼ ਮੰਤਰਾਲਾ ਨੇ ਆਰਟੀਕਲ-370 ਨਾਲ ਸਬੰਧਤ ਫੈਸਲੇ ਦਾ ਸਿੱਧਾ ਜ਼ਿਕਰ ਕੀਤੇ ਬਿਨਾਂ ਕਿਹਾ,''ਭਾਰਤ ਅਤੇ ਪਾਕਿਸਤਾਨ ਨੂੰ ਸੰਯੁਕਤ ਰਾਸ਼ਟਰ ਦੀਆਂ ਵਿਵਸਥਾਵਾਂ ਅਤੇ ਸ਼ਿਮਲਾ ਸਮਝੌਤੇ ਦੇ ਤਹਿਤ ਆਪਸੀ ਗੱਲਬਾਤ ਰਾਹੀਂ ਵਿਵਾਦ ਨੂੰ ਸੁਲਝਾਉਣਾ ਚਾਹੀਦਾ ਹੈ।''

ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂ. ਐੱਨ. ਐੱਸ. ਸੀ.) ਅਤੇ ਚੀਨ ਨੇ ਆਰਟੀਕਲ-370 ਨੂੰ ਲੈ ਕੇ ਪਾਕਿਸਤਾਨ ਨੂੰ ਠੇਂਗਾ ਵਿਖਾਇਆ ਹੈ। ਕੌਂਸਲ ਦੀ ਚੇਅਰਪਰਸਨ ਜੋਆਨਾ ਰੋਨੱਕਾ ਨੇ ਜੰਮੂ-ਕਸ਼ਮੀਰ ਤੋਂ ਆਰਟੀਕਲ-370 ਵਿਚ ਕੀਤੇ ਗਏ ਬਦਲਾਅ 'ਤੇ ਆਪਣੀ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ। ਨਾਲ ਹੀ ਪਾਕਿਸਤਾਨ ਨੂੰ ਸਾਲ 1972 ਵਿਚ ਹੋਏ ਸ਼ਿਮਲਾ ਸਮਝੌਤੇ ਦੀ ਯਾਦ ਵੀ ਦਿਵਾਈ, ਜਿਸ ਵਿਚ ਕਸ਼ਮੀਰ ਵਿਚ ਤੀਜੇ ਪੱਖ ਦੀ ਵਿਚੋਲਗੀ ਤੋਂ ਇਨਕਾਰ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਕਸ਼ਮੀਰ ਮਾਮਲੇ ਨੂੰ ਲੈ ਕੇ ਪਾਕਿਸਤਾਨ ਨੇ ਯੂ. ਐੱਨ.ਐੱਸ. ਸੀ. ਨੂੰ ਚਿੱਠੀ ਲਿਖ ਕੇ ਦਖਲ ਦੇਣ ਦੀ ਮੰਗ ਕੀਤੀ ਸੀ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਂਟੋਨੀਓ ਗੁਟਾਰੇਸ ਨੇ ਜੰਮੂ ਅਤੇ ਕਸ਼ਮੀਰ ਵਿਚ ਮੌਜੂਦਾ ਸਥਿਤੀ 'ਤੇ ਵੱਧ ਤੋਂ ਵੱਧ ਧੀਰਜ ਵਰਤਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੇ ਦੂਤ ਮਲੀਹਾ ਲੋਧੀ ਨੇ ਆਰਟੀਕਲ-370 ਮਾਮਲੇ ਵਿਚ ਯੂ. ਐੱਨ. ਐੱਸ. ਸੀ. ਤੋਂ ਦਖਲ ਦੀ ਮੰਗ ਕੀਤੀ ਸੀ ਅਤੇ ਕਿਹਾ ਕਿ ਸੁਰੱਖਿਆ ਕੌਂਸਲ ਦੇ ਪ੍ਰਸਤਾਵਾਂ ਦੀ ਪਾਲਣਾ ਕਰਾਉਣ ਲਈ ਸੰਯੁਕਤ ਰਾਸ਼ਟਰ ਨੂੰ ਦਖਲ ਦੇਣਾ ਚਾਹੀਦਾ ਹੈ।


Related News