ਲੱਦਾਖ ਦੇ ਕੋਲ ਫਾਈਟਰ ਏਅਰਬੇਸ ਬਣਾ ਰਿਹਾ ਚੀਨ, ਭਾਰਤ ਨੇ ਲੇਹ ਪਹੁੰਚਾਏ ਜੈੱਟ
Tuesday, Jul 20, 2021 - 12:50 PM (IST)
ਨਵੀਂ ਦਿੱਲੀ- ਲੱਦਾਖ ’ਚ ਪਿਛਲੇ ਇਕ ਸਾਲ ਤੋਂ ਜਾਰੀ ਤਣਾਅ ਦਰਮਿਆਨ ਚੀਨ ਸ਼ਿਨਜਿਆਂਗ ਸੂਬੇ ਦੇ ਸ਼ਾਕਚੇ ਸ਼ਹਿਰ ’ਚ ਬੜੀ ਤੇਜ਼ੀ ਨਾਲ ਇਕ ਸੀਕ੍ਰੇਟ ਏਅਰਬੇਸ ਬਣਾ ਰਿਹਾ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਚੀਨ ਵਲੋਂ ਤਿਆਰ ਕੀਤਾ ਜਾਣ ਵਾਲਾ ਨਵਾਂ ਏਅਰਬੇਸ ਕਾਸ਼ਨਗਰ ਅਤੇ ਹੋਟਨ ਦੇ ਮੌਜੂਦਾ ਏਅਰਬੇਸ ਦੇ ਵਿਚਾਲੇ ਬਣ ਰਿਹਾ ਹੈ, ਜੋ ਲੰਮੇਂ ਸਮੇਂ ਤੋਂ ਭਾਰਤੀ ਸਰਹੱਦਾਂ ’ਤੇ ਜੰਗੀ ਮੁਹਿੰਮ ਚਲਾ ਰਹੇ ਹਨ। ਸ਼ਾਕਚੇ ਸ਼ਹਿਰ ’ਚ ਪਹਿਲਾਂ ਤੋਂ ਹੀ ਇਕ ਏਅਰਬੇਸ ਹੈ ਪਰ ਹੁਣ ਇਸ ਨੂੰ ਜੰਗੀ ਜਹਾਜ਼ਾਂ ਦੇ ਸੰਚਾਲਨ ਲਈ ਅਪਗ੍ਰੇਡ ਕੀਤਾ ਜਾ ਰਿਹਾ ਹੈ। ਚੀਨ ਦੀ ਤਿਆਰੀ ਨੂੰ ਵੇਖਦੇ ਹੋਏ ਭਾਰਤ ਨੇ ਵੀ ਲੇਹ ਬੇਸ ’ਤੇ ਕਈ ਜੈੱਟ ਤਾਇਨਾਤ ਕੀਤੇ ਹਨ।
ਇਹ ਵੀ ਪੜ੍ਹੋ : ਰਾਹਤ ਭਰੀ ਖ਼ਬਰ : ਦੇਸ਼ 'ਚ 125 ਦਿਨਾਂ ਬਾਅਦ ਕੋਰੋਨਾ ਦੇ ਸਭ ਤੋਂ ਘੱਟ ਮਾਮਲੇ ਆਏ ਸਾਹਮਣੇ
ਨਵਾਂ ਏਅਰਬੇਸ ਭਾਰਤ-ਚੀਨ ਸਰਹੱਦ ਦੇ ਕਾਫ਼ੀ ਨੇੜੇ
ਸੂਤਰਾਂ ਨੇ ਦੱਸਿਆ ਕਿ ਭਵਿੱਖ ’ਚ ਇਹ ਬੇਸ ਜੰਗੀ ਜਹਾਜ਼ਾਂ ਦੇ ਆਪ੍ਰੇਸ਼ਨ ਲਈ ਤਿਆਰ ਹੋ ਜਾਵੇਗਾ। ਇਸ ਤੋਂ ਪਹਿਲਾਂ ਚੀਨ ਦੀ ਜੰਗੀ ਜਹਾਜ਼ਾਂ ਦੇ ਆਪ੍ਰੇਸ਼ਨ ਵਾਲੇ ਏਅਰਬੇਸ ਦੀ ਭਾਰਤ-ਚੀਨ ਸਰਹੱਦ ਤੋਂ ਦੂਰੀ ਲਗਭਗ 400 ਕਿਲੋਮੀਟਰ ਸੀ ਪਰ ਇਸ ਨਵੇਂ ਏਅਰਬੇਸ ਤੋਂ ਬਾਅਦ ਇਹ ਖਾਲੀ ਖੇਤਰ ਨਵੇਂ ਬੇਸ ਨਾਲ ਭਰ ਜਾਵੇਗਾ। ਇਸ ਤੋਂ ਇਲਾਵਾ ਭਾਰਤੀ ਏਜੰਸੀਆਂ ਉਤਰਾਖੰਡ ਸਰਹੱਦ ਨਾਲ ਲੱਗੇ ਚੀਨ ਦੇ ਬਾਰਾਹੋਤੀ ਏਅਰਬੇਸ ’ਤੇ ਵੀ ਤਿੱਖੀ ਨਜ਼ਰ ਰੱਖ ਰਹੀਆਂ ਹਨ। ਬਾਰਾਹੋਤੀ ਏਅਰਬੇਸ ’ਤੇ ਵੱਡੀ ਗਿਣਤੀ ’ਚ ਆਟੋਮੈਟਿਕ ਹਵਾਈ ਵਾਹਨ ਲਿਆਂਦੇ ਜਾ ਰਹੇ ਹਨ ਅਤੇ ਇਹ ਵਾਹਨ ਉਸ ਖੇਤਰ ’ਚ ਲਗਾਤਾਰ ਉਡਾਣ ਭਰ ਰਹੇ ਹਨ। ਹਾਲ ਹੀ ’ਚ, ਚੀਨੀ ਹਵਾਈ ਫੌਜ ਨੇ ਭਾਰਤੀ ਖੇਤਰਾਂ ਦੇ ਕੋਲ ਗਰਮੀਆਂ ’ਚ ਅਭਿਆਸ ਕੀਤਾ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ