ਭੂਟਾਨ ਦੀ ਜ਼ਮੀਨ ਹੜੱਪਣ ’ਚ ਜੁਟਿਆ ਚੀਨ, ਸੈਟੇਲਾਈਟ ਤਸਵੀਰਾਂ ਤੋਂ ਹੋਇਆ ਖੁਲਾਸਾ

Friday, Jan 14, 2022 - 11:25 PM (IST)

ਭੂਟਾਨ ਦੀ ਜ਼ਮੀਨ ਹੜੱਪਣ ’ਚ ਜੁਟਿਆ ਚੀਨ, ਸੈਟੇਲਾਈਟ ਤਸਵੀਰਾਂ ਤੋਂ ਹੋਇਆ ਖੁਲਾਸਾ

ਨਵੀਂ ਦਿੱਲੀ  (ਇੰਟ.)–ਚੀਨ ਤੇਜ਼ੀ ਨਾਲ ਗੁਆਂਢੀ ਦੇਸ਼ਾਂ ਦੀ ਜ਼ਮੀਨ ਅਤੇ ਸ੍ਰੋਤਾਂ ’ਤੇ ਨਾਜਾਇਜ਼ ਕਬਜ਼ੇ ਕਰਨ ਦੀ ਨੀਤੀ ’ਤੇ ਅੱਗੇ ਵਧ ਰਿਹਾ ਹੈ। ਚੀਨ ਦਾ ਨਵਾਂ ਸ਼ਿਕਾਰ ਭੂਟਾਨ ਬਣਿਆ ਹੈ। ਸਮਾਚਾਰ ਏਜੰਸੀ ‘ਰਾਇਟਰ’ ਵੱਲੋਂ ਕੀਤੇ ਗਏ ਸੈਟੇਲਾਈਟ ਵਿਸ਼ਲੇਸ਼ਣ ਅਨੁਸਾਰ ਚੀਨ ਨੇ ਭੂਟਾਨ ਦੇ ਨਾਲ ਆਪਣੀ ਵਿਵਾਦਗ੍ਰਸਤ ਸਰਹੱਦ ’ਤੇ 2 ਮੰਜ਼ਿਲਾ ਇਮਾਰਤਾਂ ਸਮੇਤ 200 ਤੋਂ ਵੱਧ ਭਵਨਾਂ ਦੇ ਨਿਰਮਾਣ ’ਚ ਤੇਜ਼ੀ ਲਿਆਂਦੀ ਹੈ। ਚੀਨ ਵਿਵਾਦਗ੍ਰਸਤ ਸਰਹੱਦ ’ਚ 6 ਸਥਾਨਾਂ ’ਤੇ ਇਨ੍ਹਾਂ ਨਿਰਮਾਣ ਕਾਰਜਾਂ ਨੂੰ ਅੰਜਾਮ ਦੇ ਰਿਹਾ ਹੈ। ਅਮਰੀਕੀ ਡਾਟਾ ਐਨਾਲਿਟਕਸ ਫਰਮ ‘ਹਾਕਆਈ-360’ ਵੱਲੋਂ ਮਿਲੀਆਂ ਤਸਵੀਰਾਂ ਤੇ ਵਿਸ਼ਲੇਸ਼ਣ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਭੂਟਾਨ ਨਾਲ ਲੱਗਦੇ ਵਿਵਾਦਗ੍ਰਸਤ ਸਰਹੱਦੀ ਇਲਾਕਿਆਂ ਵਿਚ ਚੀਨ ਨਿਰਮਾਣ ਕਾਰਜ ਕਰ ਰਿਹਾ ਹੈ।

ਵਰਣਨਯੋਗ ਹੈ ਕਿ ਹਾਕਆਈ-360 ਜ਼ਮੀਨੀ ਸਰਗਰਮੀਆਂ ਦੀ ਖੁਫੀਆ ਜਾਣਕਾਰੀ ਇਕੱਠੀ ਕਰਨ ਲਈ ਉਪਗ੍ਰਹਿਆਂ ਦੀਆਂ ਤਸਵੀਰਾਂ ਦੀ ਵਰਤੋਂ ਕਰਦੀ ਹੈ। ਹਾਕਆਈ-360 ਦੇ ਮਿਸ਼ਨ ਐਪਲੀਕੇਸ਼ਨ ਡਾਇਰੈਕਟਰ ਕ੍ਰਿਸ ਬਿਗਰਸ ਦਾ ਕਹਿਣਾ ਹੈ ਕਿ ਭੂਟਾਨ ਦੀ ਪੱਛਮੀ ਸਰਹੱਦ ਦੇ ਨਾਲ ਕੁਝ ਸਥਾਨਾਂ ’ਤੇ ਚੀਨ ਦੀਆਂ ਨਿਰਮਾਣ ਸਬੰਧੀ ਸਰਗਰਮੀਆਂ 2020 ਦੀ ਸ਼ੁਰੂਆਤ ਤੋਂ ਹੀ ਚੱਲ ਰਹੀਆਂ ਹਨ। ਸੈਟੇਲਾਈਟ ਇਮੇਜਰੀ ਫਰਮ ਕੈਪੇਲਾ ਸਪੇਸ ਤੇ ਪਲੈਨੇਟ ਲੈਬਸ ਵੱਲੋਂ ਦਿੱਤੀ ਗਈ ਸਮੱਗਰੀ ਵਿਚ ਵੇਖਿਆ ਜਾ ਸਕਦਾ ਹੈ ਕਿ ਚੀਨ ਉਕਤ ਵਿਵਾਦਗ੍ਰਸਤ ਇਲਾਕਿਆਂ ਨੂੰ ਸਾਫ ਕਰ ਰਿਹਾ ਹੈ ਅਤੇ ਪਟੜੀਆਂ ਦਾ ਨਿਰਮਾਣ ਕਰ ਰਿਹਾ ਹੈ।


author

Manoj

Content Editor

Related News