ਲੱਦਾਖ 'ਚ ਫੌਜ ਦੇ ਪਿੱਛੇ ਹਟਣ ਦੀ ਚੀਨ ਨੇ ਕੀਤੀ ਪੁਸ਼ਟੀ
Monday, Jul 06, 2020 - 09:52 PM (IST)
ਨਵੀਂ ਦਿੱਲੀ/ਪੇਈਚਿੰਗ - ਪੂਰਬੀ ਲੱਦਾਖ 'ਚ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਹੇ ਫੌਜੀ ਤਣਾਅ ਨੂੰ ਦੂਰ ਕਰਨ ਲਈ ਕੋਰ ਕਮਾਂਡਰਾਂ ਦੀ ਪਿਛਲੇ ਹਫਤੇ ਹੋਈ ਗੱਲਬਾਤ ਤੋਂ ਬਾਅਦ ਭਾਰਤ ਅਤੇ ਚੀਨ ਨੇ ਸਹਿਮਤੀ ਮੁਤਾਬਕ ਆਪਣੇ ਫੌਜੀਆਂ ਨੂੰ ਪਿੱਛੇ ਹਟਾਉਣਾ ਸ਼ੁਰੂ ਕਰ ਦਿੱਤਾ ਹੈ।
ਸੂਤਰਾਂ ਨੇ ਦੱਸਿਆ ਕਿ ਗਲਵਾਨ ਘਾਟੀ 'ਚ ਪੈਟਰੋਲ ਪੁਆਇੰਟ-14 ਤੋਂ ਚੀਨ ਦੇ ਫੌਜੀਆਂ ਨੂੰ ਟੈਂਟ ਅਤੇ ਹੋਰ ਚੀਜਾਂ ਨੂੰ ਹਟਾਉਂਦੇ ਦੇਖਿਆ ਗਿਆ ਹੈ। ਗਲਵਾਨ ਦੇ ਨਾਲ ਹਾਟਸਪ੍ਰਿੰਗ ਅਤੇ ਗੋਗਰਾ ਖੇਤਰਆਂ 'ਚ ਵੀ ਚੀਨ ਦੇ ਫੌਜੀਆਂ ਅਤੇ ਵਾਹਨਾਂ ਦੀਆਂ ਗਤੀਵਿਧੀਆਂ ਦੇਖੀਆਂ ਗਈਆਂ ਹਨ ਅਤੇ ਉਹ ਪਿੱਛੇ ਹਟ ਰਹੇ ਹਨ। ਸੂਤਰਾਂ ਨੇ ਕਿਹਾ ਕਿ ਗਲਵਾਨ ਘਾਟੀ 'ਚ ਪੈਟਰੋਲ ਪੁਆਇੰਟ-14 ਤੋਂ ਢਾਂਚਿਆਂ ਅਤੇ ਫੌਜੀਆਂ ਦੇ ਪਿੱਛੇ ਹਟਣ ਦਾ ਸਪੱਸ਼ਟ ਸੰਕੇਤ ਹੈ ਕਿ ਉਹ ਇਲਾਕੇ 'ਚ ਡੇਢ ਕਿਲੋਮੀਟਰ ਤੋਂ ਜ਼ਿਆਦਾ ਦੂਰੀ ਤੱਕ ਪਿੱਛੇ ਹੱਟ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਤੁਰੰਤ ਇਹ ਪਤਾ ਲਗਾਉਣਾ ਸੰਭਵ ਨਹੀਂ ਹੈ ਕਿ ਚੀਨੀ ਫੌਜੀ ਕਿੰਨੀ ਦੂਰ ਤੱਕ ਪਿੱਛੇ ਹਟ ਗਏ ਹਨ, ਕਿਉਂਕਿ ਸਹੀ ਤਸਦੀਕ ਪ੍ਰਕਿਰਿਆ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ। ਗਲਵਾਨ ਘਾਟੀ 'ਚ ਹਿੰਸਕ ਝੜਪ, ਪੈਟਰੋਲ ਪੁਆਇੰਟ-14 ਕੋਲ ਚੀਨ ਵਲੋਂ ਸਰਵਿਲਾਂਸ ਚੌਕੀ ਸਥਾਪਿਤ ਕਰਨ ਦੇ ਭਾਰਤੀ ਫੌਜੀਆਂ ਦੇ ਵਿਰੋਧ ਤੋਂ ਬਾਅਦ ਹੋਈ ਸੀ। ਇਹ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ ਕਿ ਤਣਾਅ ਘੱਟ ਕਰਨ ਦੀ ਇਹ ਪਹਿਲ ਪੈਂਗੋਂਗ ਤਸੋ ਇਲਾਕੇ 'ਚ ਵੀ ਸ਼ੁਰੂ ਹੋਈ ਹੈ ਜਾਂ ਨਹੀਂ, ਜਿੱਥੇ ਚੀਨ ਨੇ ਕਾਫੀ ਹੱਦ ਤੱਕ ਆਪਣੀ ਮੌਜੂਦਗੀ ਵਧਾ ਲਈ ਹੈ ਖਾਸ ਕਰਕੇ ਫਿੰਗਰ 4 ਅਤੇ ਫਿੰਗਰ 8 ਵਿਚ।
ਓਧਰ, ਚੀਨ ਨੇ ਕਬੂਲ ਕੀਤਾ ਹੈ ਕਿ ਭਾਰਤ ਤੋਂ ਲੱਦਾਖ 'ਚ ਤਣਾਅ ਘਟਾਉਣ ਦੀ ਦਿਸ਼ਾ 'ਚ ਮਹੱਤਵਪੂਰਨ ਪ੍ਰਗਤੀ ਹੋਈ ਹੈ। ਚੀਨ ਦੇ ਵਿਦੇਸ਼ ਮੰਤਰਾਲਾ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਭਾਰਤ ਅਤੇ ਚੀਨ ਦੇ ਫੌਜੀ ਕਮਾਂਡਰਾਂ ਵਿਚਾਲੇ ਗੱਲਬਾਤ ਹੋਈ ਹੈ ਅਤੇ ਤਣਾਅ ਨੂੰ ਘਟਾਉਣ ਦੀ ਦਿਸ਼ਾ 'ਚ ਪ੍ਰਭਾਵੀ ਕਦਮ ਚੁੱਕੇ ਜਾ ਰਹੇ ਹਨ।