ਸਰਕਾਰੀ ਸਕੂਲਾਂ ''ਚ ਅਗਲੇ ਸੈਸ਼ਨ ਤੋਂ ਇੰਗਲਿਸ਼ ਮੀਡੀਅਮ ਪੜ੍ਹਨਗੇ ਬੱਚੇ, ਸਿਖਲਾਈ ਲਈ ਵਿਦੇਸ਼ ਭੇਜੇ ਜਾਣਗੇ ਟੀਚਰ
Friday, Nov 24, 2023 - 11:44 AM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਅਗਲੇ ਸੈਸ਼ਨ ਤੋਂ ਵਿਦਿਆਰਥੀ ਅੰਗਰੇਜ਼ੀ ਮੀਡੀਅਮ 'ਚ ਪੜ੍ਹਾਈ ਕਰਨਗੇ। ਰਾਜ ਦੇ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਇਹ ਸਹੂਲਤ ਮਿਲੇਗੀ। ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਆਪਣੇ ਮੈਨੀਫੈਸਟੋ 'ਚ ਪ੍ਰਦੇਸ਼ 'ਚ ਚਾਰ ਅੰਗਰੇਜ਼ੀ ਮੀਡੀਅਮ ਸਕੂਲ ਖੋਲ੍ਹਣ ਦਾ ਵਾਅਦਾ ਕੀਤਾ ਸੀ। ਸੱਤਾ 'ਚ ਆਉਣ ਤੋਂ ਬਾਅਦ ਇਸ ਵਾਅਦੇ ਨੂੰ ਵਿਸਥਾਰ ਦੇ ਕੇ ਪੂਰਾ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਹੁਣ ਰਾਜ ਦੇ ਚਾਰ ਨਹੀਂ ਸਗੋਂ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਅੰਗਰੇਜ਼ੀ ਮੀਡੀਅਮ 'ਚ ਪੜ੍ਹਾਈ ਹੋਵੇਗੀ। ਇਸ ਦੇ ਨਾਲ ਹੀ ਰਾਜ ਦੇ ਸਕੂਲਾਂ ਦੇ ਮੁਖੀਆ ਹੁਣ ਆਪਣੇ ਹਿਸਾਬ ਨਾਲ ਡਰੈੱਸ ਕੋਡ ਦੀ ਚੋਣ ਕਰ ਸਕਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵਿਸ਼ੇ 'ਚ ਸਿੱਖਿਆ ਮੰਤਰੀ ਰੋਹਿਤ ਠਾਕੁਰ ਅਤੇ ਹੋਰਾਂ ਨਾਲ ਵਿਸਥਾਰ ਨਾਲ ਚਰਚਾ ਤੋਂ ਬਾਅਦ ਫ਼ੈਸਲਾ ਕੀਤਾ ਗਿਆ ਕਿ ਸਾਰੇ ਪ੍ਰਾਇਮਰੀ ਸਕੂਲਾਂ 'ਚ ਆਉਣ ਵਾਲੇ ਸੈਸ਼ਨ 'ਚ ਅੰਗਰੇਜ਼ੀ ਮੀਡੀਅਮ 'ਚ ਪੜ੍ਹਾਈ ਕਰਵਾਈ ਜਾਵੇਗੀ। ਵੀਰਵਾਰ ਨੂੰ ਸ਼ਿਮਲਾ 'ਚ ਆਪਣੇ ਸਰਕਾਰੀ ਘਰ ਓਕ ਓਵਰ 'ਚ ਇਕ ਆਯੋਜਨ 'ਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵਿਦਿਆ ਸਮੀਖਿਆ ਕੇਂਦਰ ਪ੍ਰੋਗਰਾਮ ਨੂੰ ਸ਼ੁਰੂ ਕੀਤਾ। ਇਸ ਪ੍ਰੋਗਰਾਮ ਨੂੰ ਲਾਗੂ ਕਰਨ ਵਾਲਾ ਹਿਮਾਚਲ ਦੇਸ਼ ਦਾ ਚੌਥਾ ਰਾਜ ਹੈ। ਹਿਮਾਚਲ ਪ੍ਰਦੇਸ਼ 'ਚ ਇਸ ਮਹੱਤਵਪੂਰਨ ਯੋਜਨਾ ਨੂੰ ਸਿੱਖਿਆ ਮੁਹਿੰਮ, ਰਾਜ ਪ੍ਰਾਜੈਕਟ ਦਫ਼ਤਰ ਅਤੇ ਕਾਨਵੇ ਜੀਨੀਅਸ ਨਾਮੀ ਸੰਸਥਾ ਦੇ ਸਹਿਯੋਗ ਨਾਲ ਲਾਗੂ ਕੀਤਾ ਜਾਵੇਗਾ। ਵਿਦਿਆ ਸਿੱਖਿਆ ਕੇਂਦਰ ਏ.ਆਈ. ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਸੰਚਾਲਿਤ ਕੀਤੇ ਜਾਣਗੇ।
ਇਸ ਮੌਕੇ ਸੁਖਵਿੰਦਰ ਸੁੱਖੂ ਨੇ ਕਿਹਾ ਕਿ ਕੁਆਲਿਟੀ ਐਜੂਕੇਸ਼ਨ ਲਈ ਰਾਜ ਸਰਕਾਰ ਅਧਿਆਪਕਾਂ ਨੂੰ ਵਿਦੇਸ਼ 'ਚ ਸਿਖਲਾਈ ਲਈ ਭੇਜੇਗੀ। ਐਕਸਪੋਜ਼ਰ ਵਿਜੀਟ 'ਤੇ ਅਧਿਆਪਕਾਂ ਨੂੰ ਸਿੰਗਾਪੁਰ, ਆਸਟ੍ਰੇਲੀਆ ਆਦਿ ਦੇਸ਼ਾਂ 'ਚ ਭੇਜਿਆ ਜਾਵੇਗਾ। ਇਹ ਉਹ ਅਧਿਆਪਕ ਹੋਣਗੇ, ਜਿਨ੍ਹਾਂ ਵਲੋਂ ਪੜ੍ਹਾਏ ਗਏ ਬੱਚਿਆਂ ਦੇ ਪ੍ਰੀਖਿਆ ਨਤੀਜੇ ਬਿਹਤਰ ਆਉਣਗੇ। ਸੁਖਵਿੰਦਰ ਸੁੱਖੂ ਨੇ ਕਿਹਾ ਕਿ ਨਵੇਂ ਸੈਸ਼ਨ 'ਚ ਰਾਜ ਦੇ ਸਿੱਖਿਆ ਢਾਂਚੇ 'ਚ ਕਈ ਤਬਦੀਲੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਹ ਖ਼ੁਦ ਸਰਕਾਰੀ ਸਕੂਲ 'ਚ ਪੜ੍ਹੇ ਹਨ। ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਪੜ੍ਹਾਉਣ ਦਾ ਕੰਮ ਲਗਨ ਨਾਲ ਕਰਨ ਤਾਂ ਕਿ ਉਨ੍ਹਾਂ ਵਲੋਂ ਪੜ੍ਹਾਏ ਬੱਚੇ ਜਦੋਂ ਉੱਚੇ ਅਹੁਦਿਆਂ 'ਤੇ ਪਹੁੰਚਣ ਤਾਂ ਮਾਣ ਨਾਲ ਕਹਿ ਸਕਣ ਕਿ ਉਨ੍ਹਾਂ ਨੇ ਸਰਕਾਰੀ ਸਕੂਲ ਤੋਂ ਪੜ੍ਹਾਈ ਕੀਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8