ਕੋਵੈਕਸੀਨ ਦੇ ਪਰੀਖਣ ਲਈ ਪਟਨਾ ਏਮਜ਼ ’ਚ ਬੱਚਿਆਂ ਦੀ ਜਾਂਚ ਸ਼ੁਰੂ

Tuesday, Jun 08, 2021 - 03:59 PM (IST)

ਪਟਨਾ (ਭਾਸ਼ਾ)— ਕੋਰੋਨਾ ਵਾਇਰਸ ਤੋਂ ਬਚਾਅ ਲਈ ਕੋਵੈਕਸੀਨ ਦੇ ਟੀਕਿਆਂ ਦਾ ਬੱਚਿਆਂ ’ਚ ਪਰੀਖਣ ਲਈ ਇੱਥੋਂ ਦੇ ਅਖਿਲ ਭਾਰਤੀ ਆਯੁਵਿਗਿਆਨ ਸੰਸਥਾ (ਏਮਜ਼) ਵਿਚ 6 ਤੋਂ 12 ਸਾਲ ਦੇ ਬੱਚਿਆਂ ਦੀ ਜਾਂਚ ਸ਼ੁਰੂ ਹੋ ਗਈ ਹੈ। ਪਟਨਾ ਏਮਜ਼ ਦੇ ਕੋਵਿਡ-19 ਮੁਖੀ ਡਾਕਟਰ ਸੰਜੀਵ ਕੁਮਾਰ ਨੇ ਦੱਸਿਆ ਕਿ ਸ਼ਿਸ਼ੂ ਰੋਗ ਮਾਹਰਾਂ ਨੇ 6 ਤੋਂ 12 ਸਾਲ ਦੇ ਬੱਚਿਆਂ ਦੀ ਵੱਖ-ਵੱਖ ਜਾਂਚ ਸ਼ੁਰੂ ਕਰ ਦਿੱਤੀ ਹੈ। 

ਟੀਕੇ ਦੇ ਪਰੀਖਣ ਲਈ 50 ਤੋਂ ਵੱਧ ਬੱਚਿਆਂ ਦਾ ਹੁਣ ਤੱਕ ਰਜਿਸਟ੍ਰੇਸ਼ਨ ਹੋ ਚੁੱਕਾ ਹੈ ਅਤੇ ਛੇਤੀ ਹੀ ਕੋਵੈਕਸੀਨ ਦਾ ਕਲੀਨਿਕਲ ਟਰਾਇਲ ਸ਼ੁਰੂ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ 12 ਤੋਂ 17 ਸਾਲ ਦੀ ਉਮਰ ਦੇ 87 ਬੱਚਿਆਂ ਨੇ ਕਲੀਨਿਕਲ ਟਰਾਇਲ ਲਈ ਰਜਿਸਟ੍ਰੇਸ਼ਨ ਕਰਵਾਇਆ ਸੀ। 1 ਜੂਨ ਤੋਂ ਇਹ ਪ੍ਰਕਿਰਿਆ ਸ਼ੁਰੂ ਹੋ ਗਈ। ਦੱਸਣਯੋਗ ਹੈ ਕਿ ਦੇਸ਼ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਚੱਲ ਰਹੀ ਹੈ। ਹਾਲਾਂਕਿ ਇਸ ਲਹਿਰ ਦੌਰਾਨ ਵਾਇਰਸ ਦੇ ਮਾਮਲੇ ਹੁਣ ਥੋੜ੍ਹੇ ਘੱਟ ਹੋ ਗਏ ਹਨ। ਮਾਹਰਾਂ ਨੇ ਤੀਜੀ ਲਹਿਰ ਦੀ ਵੀ ਸੰਭਾਵਨਾ ਜ਼ਾਹਰ ਕੀਤੀ ਹੈ। ਅਜਿਹੇ ਵਿਚ ਤੀਜੀ ਲਹਿਰ ਦੌਰਾਨ ਬੱਚਿਆਂ ਦੇ ਵੱਧ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਇਸ ਕਰ ਕੇ ਬੱਚਿਆਂ ਨੂੰ ਵੀ ਵੈਕਸੀਨ ਲਾਉਣਾ ਲਾਜ਼ਮੀ ਕੀਤਾ ਜਾਵੇਗਾ, ਤਾਂ ਕਿ ਇਸ ਮਹਾਮਾਰੀ ਤੋਂ ਬੱਚਿਆਂ ਦਾ ਬਚਾਅ ਕੀਤਾ ਜਾ ਸਕੇ। 

ਦੱਸ ਦੇਈਏ ਕਿ ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 86,498 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 2,123 ਮੌਤਾਂ ਹੋਈਆਂ ਹਨ। ਹੁਣ ਦੇਸ਼ ’ਚ 13,03,702 ਸਰਗਰਮ ਮਾਮਲੇ ਹਨ ਅਤੇ ਮੌਤਾਂ ਦਾ ਅੰਕੜਾ 3,51,309 ਤੱਕ ਪੁੱਜ ਗਿਆ ਹੈ।


Tanu

Content Editor

Related News