ਸਕੂਲ ''ਚ ਸਿਹਤ ਵਿਗੜਨ ਕਾਰਨ ਮਾਸੂਮ ਦੀ ਮੌਤ, ਬੇਹੋਸ਼ੀ ਦੀ ਹਾਲਤ ''ਚ ਭੇਜਿਆ ਸੀ ਘਰ

Friday, Sep 27, 2024 - 10:44 AM (IST)

ਝੱਜਰ- ਹਰਿਆਣਾ ਤੋਂ ਇਕ ਦੁਖਦ ਖ਼ਬਰ ਸਾਹਮਣੇ ਆਈ ਹੈ। ਦਰਅਸਲ ਰੇਵਾੜੀ ਮਾਰਗ 'ਤੇ ਸਥਿਤ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹਨ ਵਾਲੇ ਨਰਸਰੀ ਜਮਾਤ ਦੇ ਵਿਦਿਆਰਥੀ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਸੁਲੌਧਾ ਪਿੰਡ ਵਾਸੀ ਹਿਮਾਂਸ਼ੂ ਦੇ ਤੌਰ 'ਤੇ ਹੋਈ ਹੈ। ਮ੍ਰਿਤਕ ਦੇ ਪਿਤਾ ਦੀਪਕ ਨੇ ਦੱਸਿਆ ਕਿ ਉਸ ਦਾ ਪੁੱਤਰ ਹਿਮਾਂਸ਼ੂ ਸਕੂਲ ਗਿਆ ਸੀ। ਇਸ ਤੋਂ ਬਾਅਦ ਦੁਪਹਿਰ ਪੌਣੇ ਦੋ ਵਜੇ ਉਸ ਦੇ ਸਕੂਲ ਦੀ ਗੱਡੀ ਹਿਮਾਂਸ਼ੂ ਨੂੰ ਬੇਹੋਸ਼ੀ ਦੀ ਹਾਲਤ ਵਿਚ ਘਰ ਲੈ ਕੇ ਪਹੁੰਚੀ। ਘਰ ਦੀਆਂ ਔਰਤਾਂ ਨੇ ਜਦੋਂ ਹਿਮਾਂਸ਼ੂ ਦੀ ਹਾਲਤ ਵੇਖੀ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਪਰਿਵਾਰ ਵਾਲਿਆਂ ਨੂੰ ਦਿੱਤੀ। ਜਿਸ ਤੋਂ ਬਾਅਦ ਹਿਮਾਂਸ਼ੂ ਨੂੰ ਤੁਰੰਤ ਇਲਾਜ ਲਈ ਸ਼ਹਿਰ ਦੇ ਪ੍ਰਾਈਵੇਟ ਹਸਪਤਾਲ ਲੈ ਕੇ ਪਹੁੰਚੇ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਪਿਤਾ ਨੇ ਸਕੂਲ ਪ੍ਰਬੰਧਕ ਨੂੰ ਠਹਿਰਾਇਆ ਮੌਤ ਦਾ ਜ਼ਿੰਮੇਵਾਰ

ਮ੍ਰਿਤਕ ਦੇ ਪਿਤਾ ਦੀਪਕ ਦਾ ਕਹਿਣਾ ਹੈ ਕਿ ਜੇਕਰ ਸਕੂਲ 'ਚ ਹੀ ਉਸ ਦੇ ਬੱਚੇ ਦੀ ਤਬੀਅਤ ਵਿਗੜ ਗਈ ਸੀ ਤਾਂ ਸਕੂਲ ਪ੍ਰਬੰਧਕਾਂ ਨੂੰ ਉਸ ਦੀ ਸੂਚਨਾ ਦੇ ਕੇ ਉਸ ਨੂੰ ਇਲਾਜ ਲਈ ਸ਼ਹਿਰ ਦੇ ਨੇੜਲੇ ਹਸਪਤਾਲ 'ਚ ਲਿਜਾਣਾ ਚਾਹੀਦਾ ਸੀ ਪਰ ਸਕੂਲ ਪ੍ਰਬੰਧਕਾਂ ਨੇ ਉਸ ਦੇ ਲੜਕੇ ਦੀ ਸਿਹਤ ਵਿਗੜਨ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ, ਜਿਸ ਕਾਰਨ ਉਹ ਉਸ ਨੂੰ ਹਸਪਤਾਲ ਲਿਜਾਣ ਦੀ ਬਜਾਏ ਬੇਹੋਸ਼ੀ ਦੀ ਹਾਲਤ ਵਿਚ ਸ਼ਹਿਰ ਤੋਂ ਕਰੀਬ 10 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਉਸ ਦੇ ਘਰ ਲੈ ਕੇ ਪਹੁੰਚੇ।

ਮੈਡੀਕਲ ਬੋਰਡ ਵੱਲੋਂ ਕਰਵਾਇਆ ਗਿਆ ਬੱਚੇ ਦਾ ਪੋਸਟਮਾਰਟਮ

ਹਸਪਤਾਲ 'ਚ ਪੋਸਟਮਾਰਟਮ ਦੌਰਾਨ ਮੌਜੂਦ ਜਾਂਚ ਅਧਿਕਾਰੀ ਸਰਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਪ੍ਰਾਈਵੇਟ ਹਸਪਤਾਲ ਤੋਂ ਸਕੂਲੀ ਬੱਚੇ ਦੀ ਮੌਤ ਹੋਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਉਨ੍ਹਾਂ ਪਰਿਵਾਰਕ ਮੈਂਬਰਾਂ ਤੋਂ ਮਾਮਲੇ ਦੀ ਜਾਣਕਾਰੀ ਲੈ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਭੇਜ ਦਿੱਤਾ। ਇਸ ਤੋਂ ਬਾਅਦ ਪਰਿਵਾਰ ਦੀ ਬੇਨਤੀ 'ਤੇ ਮੈਡੀਕਲ ਬੋਰਡ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ। ਇਸ ਸਬੰਧੀ ਮ੍ਰਿਤਕ ਦੇ ਪਿਤਾ ਦੀਪਕ ਦੇ ਬਿਆਨਾਂ ’ਤੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਅਣਗਹਿਲੀ ਦਾ ਕੇਸ ਦਰਜ ਕਰ ਲਿਆ ਗਿਆ ਹੈ।

ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ

ਹਸਪਤਾਲ ਵਿਚ ਮੌਜੂਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮਾਸੂਮ ਹਿਮਾਂਸ਼ੂ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਜਿਹੇ ਹਾਲਾਤਾਂ ਵਿਚ ਲਾਪਰਵਾਹੀ ਵਰਤਣ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਜਿਹੋਂ ਜਿਹਾ ਹਾਲ ਉਨ੍ਹਾਂ ਦੇ ਮਾਸੂਮ ਬੱਚੇ ਦਾ ਹੋਇਆ, ਉਸ ਤਰ੍ਹਾਂ ਦਾ ਕਿਸੇ ਹੋਰ ਦਾ ਨਹੀਂ ਹੋਣਾ ਚਾਹੀਦਾ।  ਜੇਕਰ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਫਿਰ ਕੋਈ ਮਾਸੂਮ ਕਿਸੇ ਦੀ ਲਾਪਰਵਾਹੀ ਕਾਰਨ ਮੌਤ ਦੇ ਮੂੰਹ ਵਿਚ ਜਾ ਸਕਦਾ ਹੈ।


Tanu

Content Editor

Related News