ਭੀੜ ਨੇ ਕਸ਼ਮੀਰੀ ਦੁਕਾਨਦਾਰ ਦੀ ਕੀਤੀ ਕੁੱਟਮਾਰ, ਮੁਸਲਮਾਨਾਂ ਦੇ ਉਤਪਾਦ ਨਾ ਖਰੀਦਣ ਦਾ ਕੀਤਾ ਐਲਾਨ

Tuesday, Dec 10, 2024 - 05:09 PM (IST)

ਕੁਰੂਕਸ਼ੇਤਰ (ਭਾਸ਼ਾ)- ਹਰਿਆਣਾ ਦੇ ਕੁਰੂਕਸ਼ੇਤਰ ਵਿਚ ਆਯੋਜਿਤ ਅੰਤਰਰਾਸ਼ਟਰੀ ਗੀਤਾ ਮਹਾਉਤਸਵ ਦੌਰਾਨ ਲੋਕਾਂ ਦੇ ਇਕ ਸਮੂਹ ਨੇ ਕਥਿਤ ਤੌਰ 'ਤੇ ਇਕ ਕਸ਼ਮੀਰੀ ਦੁਕਾਨਦਾਰ ਦੀ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਇਸ ਸਬੰਧ ਵਿਚ ਐੱਫ.ਆਈ.ਆਰ. ਦਰਜ ਕੀਤੀ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਸ਼੍ਰੀਨਗਰ ਦੇ ਰਹਿਣ ਵਾਲੇ ਦੁਕਾਨਦਾਰ ਨੂੰ ਲੋਕਾਂ ਦੇ ਇਕ ਸਮੂਹ ਨੇ ਕਥਿਤ ਤੌਰ 'ਤੇ ਕੁੱਟਮਾਰ ਕਰ ਦਿੱਤੀ। ਅਧਿਕਾਰੀਆਂ ਮੁਤਾਬਕ ਇਨ੍ਹਾਂ ਲੋਕਾਂ ਦੇ ਹੱਥਾਂ 'ਚ ਭਗਵੇ ਝੰਡੇ ਸਨ ਅਤੇ ਉਹ ਕਈ ਦੁਕਾਨਾਂ 'ਤੇ ਜਾ ਰਹੇ ਸਨ। ਮਹਾਉਤਸਵ ਦੇ ਸ਼ਿਲਪ ਮੇਲੇ 'ਚ ਦੇਸ਼ ਭਰ ਦੇ ਕਾਰੀਗਰਾਂ ਨੇ ਆਪਣੀਆਂ ਦੁਕਾਨਾਂ ਲਗਾਈਆਂ ਹਨ। ਸ਼ਿਲਪ ਮੇਲੇ ਦਾ ਆਯੋਜਨ ਇੱਥੇ ਬ੍ਰਹਮਸਰੋਵਰ ਕੰਪਲੈਕਸ 'ਚ ਕੀਤਾ ਜਾ ਰਿਹਾ ਹੈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।

ਇਹ ਵੀ ਪੜ੍ਹੋ : ਮੰਗਲਵਾਰ ਤੇ ਵੀਰਵਾਰ ਹੋਇਆ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਭਗਵੇ ਝੰਡੇ ਫੜ ਕੇ ਨਾਅਰੇਬਾਜ਼ੀ ਕਰਦੇ ਹੋਏ ਲੋਕਾਂ ਦਾ ਇਕ ਸਮੂਹ ਦੁਕਾਨ 'ਤੇ ਪਹੁੰਚਿਆ ਅਤੇ ਉਨ੍ਹਾਂ 'ਚੋਂ ਇਕ ਵਿਅਕਤੀ ਨੇ ਦੁਕਾਨਦਾਰ ਦੀ ਕੁੱਟਮਾਰ ਕੀਤੀ ਅਤੇ ਹੋਰ ਨੇ ਸਾਮਾਨ ਸੁੱਟ ਦਿੱਤਾ। ਦੁਕਾਨਦਾਰ ਦੀ ਮਦਦ ਕਰਨ ਤੁਰੰਤ ਕੁਝ ਸਥਾਨਕ ਲੋਕ ਉਥੇ ਪਹੁੰਚੇ ਅਤੇ ਇਸ ਹਰਕਤ ਦੀ ਨਿੰਦਾ ਕੀਤੀ। ਪੁਲਸ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਘਟਨਾ ਦੇ ਸਬੰਧ 'ਚ ਦੰਗਾ ਕਰਨ ਅਤੇ ਅਪਰਾਧਿਕ ਬਲੈਕਮੇਲ ਸਮੇਤ ਕਾਨੂੰਨ ਦੀਆਂ ਸੰਬੰਧਿਤ ਧਾਰਾਵਾਂ ਦੇ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਦੁਕਾਨਦਾਰ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਕਿਹਾ,''ਸ਼ਨੀਵਾਰ ਨੂੰ 30 ਤੋਂ 40 ਲੋਕਾਂ ਦਾ ਇਕ ਗਰੁੱਪ ਆਇਆ ਅਤੇ ਨਾਅਰੇਬਾਜ਼ੀ ਕਰਨ ਲੱਗਾ ਤੇ ਮੈਨੂੰ ਬੰਗਲਾਦੇਸ਼ੀ ਦੱਸਿਆ।'' ਦੁਕਾਨਦਾਰ ਨੇ ਕਿਹਾ,''ਉਨ੍ਹਾਂ ਨੇ ਮੁਸਲਮਾਨਾਂ ਦੀਆਂ ਦੁਕਾਨਾਂ ਹਟਾਉਣ ਲਈ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਸਾਡੀਆਂ ਵਸਤੂਆਂ ਨੂੰ ਸੁੱਟ ਦਿੱਤਾ। ਉਨ੍ਹਾਂ ਨੇ ਮੈਨੂੰ ਡੰਡਿਆਂ ਨਾਲ ਵੀ ਕੁੱਟਿਆ...ਉਨ੍ਹਾਂ ਨੇ ਮੁਸਲਮਾਨਾਂ ਦੇ ਉਤਪਾਦ ਨਾ ਖਰੀਦਣ ਦਾ ਵੀ ਐਲਾਨ ਕੀਤਾ।'' ਕੁਰੂਕਸ਼ੇਤਰ ਥਾਣੇ ਦੇ ਇੰਚਾਰਜ ਦਿਨੇਸ਼ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਸ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕਰੇਗੀ। ਉਨ੍ਹਾਂ ਦੱਸਿਆ ਕਿ ਅਜਿਹੀਆਂ ਘਟਨਾਵਾਂ ਨੂੰ ਮੁੜ ਵਾਪਰਨ ਤੋਂ ਰੋਕਣ ਲਈ 600 ਦੇ ਕਰੀਬ ਦੁਕਾਨਾਂ 'ਚੋਂ ਘੱਟ-ਗਿਣਤੀ ਭਾਈਚਾਰਿਆਂ ਨਾਲ ਸਬੰਧਤ 50 ਦੁਕਾਨਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News