ਪੁਰਾਣੀ ਰੰਜ਼ਿਸ਼ ਕਾਰਨ ਔਰਤ ਨੂੰ ਜ਼ਿੰਦਾ ਸਾੜਿਆ, ਰੂਹ ਕੰਬਾ ਦੇਵੇਗੀ ਪੂਰੀ ਘਟਨਾ
Saturday, Dec 14, 2024 - 04:38 PM (IST)
ਨੂਹ- ਹਰਿਆਣਾ ਦੇ ਨੂਹ ਜ਼ਿਲ੍ਹੇ ਦੇ ਪੁਨਹਾਨਾ ਥਾਣਾ ਖੇਤਰ ਦੇ ਲਹਰਵਾੜੀ ਪਿੰਡ ਵਿਚ ਪੁਰਾਣੀ ਰੰਜ਼ਿਸ਼ ਦੇ ਚੱਲਦੇ ਔਰਤ 'ਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ। ਜਿਸ ਕਾਰਨ ਔਰਤ ਦੀ ਮੌਤ ਹੋ ਗਈ। ਇਸ ਮਾਮਲੇ 'ਚ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਪਹੁੰਚਾ ਦਿੱਤਾ ਹੈ। ਫਿਲਹਾਲ ਪੁਲਸ ਨੇ 4 ਦਰਜਨ ਦੋਸ਼ੀਆਂ ਖਿਲਾਫ਼ ਕਤਲ ਸਮੇਤ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਾਉਣ ਵਿਚ ਜੁੱਟੀ ਹੋਈ ਹੈ।
ਕੀ ਹੈ ਪੂਰਾ ਮਾਮਲਾ
ਜਾਣਕਾਰੀ ਮੁਤਾਬਕ ਨੂਹ ਜ਼ਿਲ੍ਹੇ ਦੇ ਲਹਰਵਾੜੀ ਪਿੰਡ 'ਚ ਲੱਗਭਗ 7 ਮਹੀਨੇ ਪਹਿਲਾਂ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਦੋ ਪੱਖਾਂ ਵਿਚਾਲੇ ਝਗੜਾ ਹੋ ਗਿਆ ਸੀ। ਜਿਸ ਵਿਚ 21 ਸਾਲਾ ਰਿਜ਼ਵਾਨ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਪੁਨਹਾਨਾ ਪੁਲਸ ਨੇ ਦੋਸ਼ੀਆਂ ਖਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਕੇ ਕਈ ਲੋਕਾਂ ਨੂੰ ਜੇਲ੍ਹ ਭੇਜ ਦਿੱਤਾ ਸੀ। ਇਸੇ ਗੱਲ ਨੂੰ ਲੈ ਕੇ ਉਸੇ ਸਮੇਂ ਤੋਂ ਪੁਰਾਣੀ ਰੰਜ਼ਿਸ਼ ਚੱਲੀ ਆ ਰਹੀ ਸੀ।
ਸ਼ੁੱਕਰਵਾਰ ਨੂੰ ਪੁਲਸ ਜਦੋਂ ਦੋਸ਼ੀ ਪੱਖ ਦੇ ਲੋਕਾਂ ਨੂੰ 7 ਮਹੀਨੇ ਬਾਅਦ ਉਨ੍ਹਾਂ ਦੇ ਪਿੰਡ ਵਿਚ ਉਨ੍ਹਾਂ ਦੇ ਘਰਾਂ ਵਿਚ ਵਸਾਉਣ ਲਈ ਲਿਆਈ ਤਾਂ ਪੁਲਸ ਦੇ ਜਾਣ ਮਗਰੋਂ ਦੋਹਾਂ ਪੱਖਾਂ ਵਿਚ ਝਗੜਾ ਹੋ ਗਿਆ। ਇੰਨਾ ਹੀ ਨਹੀਂ ਇਸ ਦੌਰਾਨ 31 ਸਾਲਾ ਸ਼ਹਿਨਾਜ ਪੁੱਤਰੀ ਯਾਕੂਬ ਦਾ ਪੈਟਰੋਲ ਛਿੜਕ ਕੇ ਕਤਲ ਕਰ ਦਿੱਤਾ ਗਿਆ। ਓਧਰ ਮ੍ਰਿਤਕ ਸ਼ਹਿਨਾਜ਼ ਦੇ ਭਰਾ ਦਾ ਕਹਿਣਾ ਹੈ ਕਿ ਦੋਸ਼ੀ ਪੱਖ ਨੇ ਪਹਿਲਾਂ ਹੀ ਆਪਣੇ ਘਰਾਂ ਵਿਚ ਪੈਟਰੋਲ ਰੱਖਿਆ ਹੋਇਆ ਸੀ, ਜਿਸ ਕਾਰਨ ਉਨ੍ਹਾਂ ਦੀ ਭੈਣ 'ਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ ਗਈ।