ਕੜਾਕੇ ਦੀ ਠੰਡ ਨੇ ਦਿੱਤੀ ਦਸਤਰ, 17 ਸ਼ਹਿਰਾਂ ''ਚ ਸੀਤ ਲਹਿਰ ਦਾ ਅਲਰਟ
Friday, Dec 13, 2024 - 05:42 PM (IST)
ਹਿਸਾਰ- ਹਰਿਆਣਾ 'ਚ ਕੜਾਕੇ ਦੀ ਠੰਡ ਪੈਣੀ ਸ਼ੁਰੂ ਹੋ ਗਈ ਹੈ। ਹਿਸਾਰ, ਨਾਰਨੌਲ, ਭਿਵਾਨੀ ਅਤੇ ਸਿਰਸਾ ਜ਼ਿਲ੍ਹੇ ਵਿਚ ਪਾਰਾ ਜਮਾਵ ਬਿੰਦੂ ਵੱਲ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਠੰਡ ਤੋਂ ਰਾਹਤ ਦੀ ਕੋਈ ਉਮੀਦ ਨਹੀਂ ਨਜ਼ਰ ਆ ਰਹੀ। ਮੌਸਮ ਵਿਭਾਗ ਮੁਤਾਬਕ 15 ਦਸੰਬਰ ਤੱਕ ਸੀਤ ਲਹਿਰ ਚੱਲੇਗੀ। ਇਸ ਲਈ 16 ਜ਼ਿਲ੍ਹਿਆਂ ਵਿਚ ਯੈਲੋ ਅਲਰਟ ਜਾਰੀ ਕੀਤਾ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ 10 ਜ਼ਿਲ੍ਹਿਆਂ 'ਚ ਤਾਪਮਾਨ 5 ਡਿਗਰੀ ਜਾਂ ਇਸ ਤੋਂ ਵੀ ਘੱਟ ਰਿਹਾ। ਮਹਿੰਦਰਗੜ੍ਹ ਚ 1.20, ਹਿਸਾਰ 'ਚ 1.60, ਰੇਵਾੜੀ 'ਚ 2, ਕਰਨਾਲ 'ਚ 3.60, ਸੋਨੀਪਤ 'ਚ 3.80, ਸਿਰਸਾ 'ਚ 4, ਰੋਹਤਕ 'ਚ 4.40, ਗੁਰੂਗ੍ਰਾਮ 'ਚ 4.80, ਕੁਰੂਕਸ਼ੇਤਰ 'ਚ 4.80 ਅਤੇ ਜੀਂਦ 'ਚ 5 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਅੱਜ ਸਵੇਰੇ ਮਹਿੰਦਰਗੜ੍ਹ 'ਚ ਹਲਕੀ ਧੁੰਦ ਦੇਖਣ ਨੂੰ ਮਿਲੀ। ਕਰਨਾਲ, ਪੰਚਕੂਲਾ, ਪਾਨੀਪਤ ਅਤੇ ਜੀਂਦ 'ਚ ਸਵੇਰ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ।
17 ਸ਼ਹਿਰਾਂ 'ਚ ਸੀਤ ਲਹਿਰ ਦਾ ਯੈਲੋ ਅਲਰਟ
ਮੌਸਮ ਵਿਭਾਗ ਨੇ ਸੂਬੇ ਦੇ 17 ਸ਼ਹਿਰਾਂ 'ਚ ਸੀਤ ਲਹਿਰ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਕਾਰਨ ਰਾਤ ਦੇ ਤਾਪਮਾਨ 'ਚ ਹੋਰ ਗਿਰਾਵਟ ਆ ਸਕਦੀ ਹੈ। ਇਨ੍ਹਾਂ ਜ਼ਿਲ੍ਹਿਆਂ 'ਚ ਪੰਚਕੂਲਾ, ਅੰਬਾਲਾ, ਕੁਰੂਕਸ਼ੇਤਰ, ਕੈਥਲ, ਕਰਨਾਲ, ਮਹਿੰਦਰਗੜ੍ਹ, ਰੇਵਾੜੀ, ਗੁਰੂਗ੍ਰਾਮ, ਮੇਵਾਤ, ਪਲਵਲ, ਫਰੀਦਾਬਾਦ, ਰੋਹਤਕ, ਸਿਰਸਾ, ਫਤਿਹਾਬਾਦ, ਹਿਸਾਰ, ਭਿਵਾਨੀ, ਚਰਖੀ ਦਾਦਰੀ ਸ਼ਾਮਲ ਹਨ।
ਇਸ ਦੇ ਨਾਲ ਹੀ ਖੇਤੀ ਵਿਗਿਆਨੀਆਂ ਨੇ ਕਿਸਾਨਾਂ ਨੂੰ ਫ਼ਸਲਾਂ ਨੂੰ ਠੰਡ ਤੋਂ ਬਚਾਉਣ ਲਈ ਖੇਤਾਂ ਦੀ ਸਿੰਚਾਈ ਕਰਨ ਅਤੇ ਬਾਗਬਾਨੀ 'ਚ ਵੀ ਇਸੇ ਤਰ੍ਹਾਂ ਰੁੱਖਾਂ ਨੂੰ ਪਾਣੀ ਦੇਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਪਸ਼ੂਆਂ ਨੂੰ ਖੁੱਲ੍ਹੇ 'ਚ ਨਾ ਬੰਨ੍ਹਣ ਅਤੇ ਚੰਗੀ ਖੁਰਾਕ ਦੇਣ ਦੀ ਵੀ ਸਲਾਹ ਦਿੱਤੀ ਗਈ ਹੈ। ਆਉਣ ਵਾਲੇ ਦਿਨਾਂ 'ਚ ਤਾਪਮਾਨ 'ਚ ਹੋਰ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।