ਸਰਕਾਰ ਨੇ ਪੁਲਸ ਰਾਹੀਂ ਭੇਜਿਆ ਕਿਸਾਨਾਂ ਨਾਲ ਗੱਲਬਾਤ ਦਾ ਸੱਦਾ, ਅੱਜ ਦਾ ਦਿੱਲੀ ਮਾਰਚ ਕੀਤਾ ਗਿਆ ਮੁਲਤਵੀ
Saturday, Dec 07, 2024 - 06:16 AM (IST)
ਪਟਿਆਲਾ/ਸਨੌਰ (ਮਨਦੀਪ ਸਿੰਘ ਜੋਸਨ) : ਸ਼ੰਭੂ ਬਾਰਡਰ 'ਤੇ ਸਾਰਾ ਦਿਨ ਮਚੇ ਘਸਮਾਨ ਤੋਂ ਬਾਅਦ ਸਰਕਾਰ ਨੇ ਹਰਿਆਣਾ ਪੁਲਸ ਰਾਹੀਂ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਨ ਸਿੰਘ ਪੰਧੇਰ ਤੇ ਹੋਰਨਾਂ ਨੇ ਬੀਤੀ ਦੇਰ ਸ਼ਾਮ ਪ੍ਰੈੱਸ ਕਾਨਫਰੰਸ ਤੋਂ ਬਾਅਦ ਆਖਿਆ ਕਿ ਗੱਲਬਾਤ ਦੇ ਸੱਦੇ ਤੋਂ ਬਾਅਦ 7 ਦਸੰਬਰ ਨੂੰ ਕਿਸਾਨਾਂ ਦਾ 101 ਮੈਂਬਰੀ ਮਰਜੀਵੜਿਆਂ ਦਾ ਜਥਾ ਦਿੱਲੀ ਵੱਲ ਨਹੀ ਵਧੇਗਾ ਅਤੇ ਸ਼ੰਭੂ ਬੈਰੀਅਰ 'ਤੇ ਪੁੱਜੇ ਜਥੇ ਨੂੰ ਵਾਪਸ ਬੁਲਾ ਲਿਆ ਗਿਆ ਹੈ।
ਸਰਵਨ ਸਿੰਘ ਪੰਧੇਰ ਨੇ ਆਖਿਆ ਕਿ ਹਰਿਆਣਾ ਪੁਲਸ ਨੇ ਬਕਾਇਦਾ ਤੌਰ 'ਤੇ ਸਾਡਾ ਮੰਗ ਪੱਤਰ ਲੈ ਲਿਆ ਹੈ ਤੇ ਸਾਡੇ ਨਾਲ ਗੱਲਬਾਤ ਕੀਤੀ ਹੈ। ਉਸ ਤੋਂ ਬਾਅਦ ਉਨ੍ਹਾਂ ਨੇ 7 ਦਸੰਬਰ ਨੂੰ ਕੇਂਦਰ ਸਰਕਾਰ ਨਾਲ ਕਿਸਾਨ ਨੇਤਾਵਾਂ ਦੀ ਗੱਲਬਾਤ ਰੱਖੀ ਗਈ ਹੈ। ਉਨ੍ਹਾਂ ਆਖਿਆ ਕਿ ਅਸੀਂ ਸਰਕਾਰ ਨਾਲ ਟਕਰਾਅ ਨਹੀਂ ਚਾਹੁੰਦੇ। ਸਾਡੇ ਨਾਲ ਕੇਂਦਰੀ ਖੇਤੀਬਾੜੀ ਮੰਤਰੀ ਤੇ ਹੋਰ ਸੀਨੀਅਰ ਮੰਤਰੀ ਗੱਲਬਾਤ ਕਰਨ। ਉਨ੍ਹਾਂ ਆਖਿਆ ਕਿ ਹਰਿਆਣਾ ਪੁਲਸ ਨੇ ਇਸ ਗੱਲ ਦਾ ਭਰੋਸਾ ਦਿਵਾਇਆ ਹੈ ਕਿ 7 ਦਸੰਬਰ ਨੂੰ ਗੱਲਬਾਤ ਜ਼ਰੂਰ ਹੋਵੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਇਕ ਵਿਆਹ ਅਜਿਹਾ ਵੀ ; ਜਦੋਂ 'ਲਾੜੀ' ਲੱਭਦੇ-ਲੱਭਦੇ ਥਾਣੇ ਪੁੱਜ ਗਈ ਬਰਾਤ...
ਪੰਧੇਰ ਨੇ ਆਖਿਆ ਕਿ ਬੀਤੀ ਦੇਰ ਸ਼ਾਮ ਨੂੰ ਸ਼ੰਭੂ ਬਾਰਡਰ ਰਾਹੀਂ ਦਿੱਲੀ ਵੱਲ ਵਧਦੇ ਜਥੇ ਨੂੰ ਵੀ ਵਾਪਸ ਬੁਲਾ ਲਿਆ ਗਿਆ ਹੈ। 7 ਦਸੰਬਰ ਦਾ ਦਿੱਲੀ ਕੂਚ ਮੁਲਤਵੀ ਕੀਤਾ ਗਿਆ ਹੈ। ਜੇਕਰ ਕੇਂਦਰ ਨਾਲ ਗੱਲਬਾਤ ਸਿਰੇ ਨਾ ਚੜ੍ਹੀ ਤਾਂ 8 ਦਸੰਬਰ ਨੂੰ ਮੁੜ ਸ਼ੰਭੂ ਬਾਰਡਰ ਰਾਹੀਂ ਦਿੱਲੀ ਵੱਲ ਕੂਚ ਕੀਤਾ ਜਾਵੇਗਾ।
ਸਰਵਨ ਸਿੰਘ ਪੰਧੇਰ ਨੇ ਆਖਿਆ ਹੈ ਕਿ ਕਿਸਾਨਾਂ ਦੇ ਨਿਹੱਥੇ ਪੈਦਲ ਜਾਂਦੇ ਜਥੇ ਨੂੰ ਰੋਕਣਾ ਸਿੱਧੇ ਤੌਰ 'ਤੇ ਲੋਕਤੰਤਰ ਦਾ ਘਾਣ ਹੈ। ਉਨ੍ਹਾਂ ਆਖਿਆ ਕਿ ਮਾਣਯੋਗ ਸੁਪਰੀਮ ਕੋਰਟ ਨੇ ਵੀ ਹੁਕਮ ਕੀਤੇ ਸਨ ਕਿ ਕਿਸਾਨਾਂ ਨੂੰ ਪੈਦਲ ਜਾਣ ਤੋਂ ਨਾ ਰੋਕਿਆ ਜਾਵੇ ਤੇ ਜਦੋਂ ਅਸੀਂ ਹੁਣਸਰਕਾਰ ਦੀਆਂ ਤੇ ਸੁਪਰੀਮ ਕੋਰਟ ਦੀਆਂ ਸਾਰੀਆਂ ਸ਼ਰਤਾਂ ਮੰਨ ਲਈਆਂ ਹਨ, ਉਸ ਤੋਂ ਬਾਅਦ ਵੀ ਕਿਸਾਨਾਂ ਨੂੰ ਇਸ ਤਰ੍ਹਾਂ ਰੋਕਣਾ ਸਿੱਧੇ ਤੌਰ 'ਤੇ ਦੇਸ਼ ਦੇ ਕਿਸਾਨਾਂ ਨਾਲ ਧੱਕਾ ਹੈ।
ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਹੋਈ ਬੇਅਦਬੀ ਦੀ ਘਟਨਾ, ਧਰਮ ਪਰਿਵਰਤਨ ਮਗਰੋਂ ਕੂੜੇ 'ਚ ਸੁੱਟ'ਤੀਆਂ ਧਾਰਮਿਕ ਤਸਵੀਰਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e