4 ਹਾਈ ਕੋਰਟਾਂ ਲਈ ਚੀਫ਼ ਜਸਟਿਸ ਨਿਯੁਕਤ, ਕੁਝ ਦਿਨ ਸੇਵਾਵਾਂ ਨਿਭਾਉਣ ਪਿੱਛੋਂ 2 ਇਸੇ ਮਹੀਨੇ ਹੋਣਗੇ ਸੇਵਾਮੁਕਤ
Monday, Feb 13, 2023 - 10:54 AM (IST)
ਨਵੀਂ ਦਿੱਲੀ (ਭਾਸ਼ਾ)- ਚਾਰ ਹਾਈ ਕੋਰਟਾਂ ਲਈ ਐਤਵਾਰ ਨੂੰ ਚੀਫ਼ ਜਸਟਿਸਾਂ ਦੀ ਨਿਯੁਕਤੀ ਕੀਤੀ ਗਈ। ਇਨ੍ਹਾਂ 'ਚੋਂ 2 ਇਸੇ ਮਹੀਨੇ ਹੀ ਕੁਝ ਦਿਨ ਸੇਵਾਵਾਂ ਨਿਭਾਉਣ ਪਿੱਛੋਂ ਸੇਵਾਮੁਕਤ ਹੋ ਜਾਣਗੇ। ਗੁਜਰਾਤ ਹਾਈ ਕੋਰਟ ਦੀ ਮਾਨਯੋਗ ਜੱਜ ਜਸਟਿਸ ਸੋਨੀਆ ਗਿਰਿਧਰ ਗੋਕਾਨੀ ਨੂੰ ਇਸੇ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਹੈ। ਸਹੁੰ ਚੁੱਕਣ ਤੋਂ ਬਾਅਦ ਉਹ ਦੇਸ਼ ’ਚ ਕਿਸੇ ਹਾਈ ਕੋਰਟ ਦੀ ਇਕਲੌਤੀ ਮਹਿਲਾ ਚੀਫ਼ ਜਸਟਿਸ ਹੋਵੇਗੀ। ਭਾਰਤ 'ਚ 25 ਹਾਈ ਕੋਰਟਾਂ ਹਨ। ਮਹਿਲਾ ਜਸਟਿਸ ਸਬੀਨਾ ਇਸ ਸਮੇਂ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੀ ਕਾਰਜਕਾਰੀ ਚੀਫ਼ ਜਸਟਿਸ ਵਜੋਂ ਕੰਮ ਕਰ ਰਹੀ ਹੈ। ਜਸਟਿਸ ਗੋਕਾਨੀ 25 ਫਰਵਰੀ ਨੂੰ ਸੇਵਾਮੁਕਤ ਹੋ ਜਾਏਗੀ। ਉਹ ਗੁਜਰਾਤ ਜੁਡੀਸ਼ੀਅਲ ਸਰਵਿਸ ਤੋਂ ਹੈ। ਸੁਪਰੀਮ ਕੋਰਟ ਦੀ ਕਾਲੇਜੀਅਮ ਨੇ ਪਿਛਲੇ ਹਫਤੇ ਉਨ੍ਹਾਂ ਦੇ ਨਾਂ ਦੀ ਸਿਫਾਰਿਸ਼ ਕਰਦੇ ਹੋਏ ਕਿਹਾ ਸੀ ਕਿ ਸਭ ਤੋਂ ਸੀਨੀਅਰ ਜੱਜ ਹੋਣ ਦੇ ਨਾਲ-ਨਾਲ ਜਸਟਿਸ ਗੋਕਾਨੀ ਦੀ ਚੀਫ ਜਸਟਿਸ ਵਜੋਂ ਨਿਯੁਕਤੀ ਚੀਫ ਜਸਟਿਸ ਦੇ ਅਹੁਦੇ ’ਤੇ ਸੇਵਾਮੁਕਤ ਹੋਣ ਵਾਲੇ ਜੱਜਾਂ ਦੀ ਸ਼ਮੂਲੀਅਤ ਅਤੇ ਪ੍ਰਤੀਨਿਧਤਾ ਨੂੰ ਯਕੀਨੀ ਬਣਾਏਗੀ। ਸ਼ੁੱਕਰਵਾਰ ਜਸਟਿਸ ਗੋਕਾਨੀ ਨੂੰ ਗੁਜਰਾਤ ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਵਜੋਂ ਨਿਯੁਕਤ ਕੀਤਾ ਗਿਆ ਸੀ ਜਦਕਿ ਇਸ ਦੇ ਚੀਫ਼ ਜਸਟਿਸ ਅਰਵਿੰਦ ਕੁਮਾਰ ਨੂੰ ਸੁਪਰੀਮ ਕੋਰਟ ਵਿੱਚ ਜੱਜ ਨਿਯੁਕਤ ਕੀਤਾ ਗਿਆ ਸੀ।
ਓਡੀਸ਼ਾ ਹਾਈ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਜਸਟਿਸ ਜਸਵੰਤ ਸਿੰਘ ਨੂੰ ਤ੍ਰਿਪੁਰਾ ਹਾਈ ਕੋਰਟ ਦਾ ਚੀਫ਼ ਜਸਟਿਸ ਬਣਾਇਆ ਗਿਆ ਹੈ। ਉਹ 22 ਫਰਵਰੀ ਨੂੰ ਸੇਵਾਮੁਕਤ ਹੋ ਜਾਣਗੇ। ਤ੍ਰਿਪੁਰਾ ਹਾਈ ਕੋਰਟ ਦੇ ਚੀਫ਼ ਜਸਟਿਸ ਦਾ ਅਹੁਦਾ ਜਸਟਿਸ ਇੰਦਰਜੀਤ ਮਹਿੰਦੀ ਦੇ ਸੇਵਾਮੁਕਤ ਹੋਣ ਤੋਂ ਬਾਅਦ ਕੁਝ ਸਮੇਂ ਤੋਂ ਖਾਲੀ ਪਿਆ ਸੀ। ਸੁਪਰੀਮ ਕੋਰਟ ਦੇ ਜੱਜ 65 ਸਾਲ ਦੀ ਉਮਰ ਵਿੱਚ ਅਤੇ ਹਾਈ ਕੋਰਟਾਂ ਦੇ ਜੱਜ 62 ਸਾਲ ਦੀ ਉਮਰ ਵਿੱਚ ਸੇਵਾਮੁਕਤ ਹੁੰਦੇ ਹਨ। ਰਾਜਸਥਾਨ ਹਾਈ ਕੋਰਟ ਦੇ ਜੱਜ ਜਸਟਿਸ ਸੰਦੀਪ ਮਹਿਤਾ ਨੂੰ ਗੁਹਾਟੀ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਹੈ। ਗੁਹਾਟੀ ਹਾਈ ਕੋਰਟ ਦੇ ਜੱਜ ਜਸਟਿਸ ਐੱਨ. ਕੋਟਿਸ਼ਵਰ ਸਿੰਘ ਨੂੰ ਜੰਮੂ-ਕਸ਼ਮੀਰ ਅਤੇ ਲੱਦਾਖ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਹੈ।