1.40 ਕਰੋੜ ਦੇ ਇਨਾਮੀ ਖੂੰਖਾਰ ਨਕਸਲੀ ਰਮੰਨਾ ਦੀ ਗੰਭੀਰ ਬੀਮਾਰੀ ਨਾਲ ਮੌਤ

Friday, Dec 13, 2019 - 04:04 PM (IST)

1.40 ਕਰੋੜ ਦੇ ਇਨਾਮੀ ਖੂੰਖਾਰ ਨਕਸਲੀ ਰਮੰਨਾ ਦੀ ਗੰਭੀਰ ਬੀਮਾਰੀ ਨਾਲ ਮੌਤ

ਬੀਜਾਪੁਰ— ਦੇਸ਼ ਦੇ 'ਲਾਲ ਗਲਿਆਰੇ' ਦੀ ਰਾਜਧਾਨੀ ਕਹੇ ਜਾਣ ਵਾਲੇ ਛੱਤੀਸਗੜ੍ਹ ਦੇ ਬਸਤਰ ਇਲਾਕੇ 'ਚ ਪਿਛਲੇ 3 ਦਹਾਕਿਆਂ ਤੋਂ ਸਰਗਰਮ ਨਕਸਲੀ ਕਮਾਂਡਰ ਰੇਵੁਲਾ ਸ਼੍ਰੀਨਿਵਾਸ ਉਰਫ਼ ਰਮੰਨਾ ਦੀ ਮੌਤ ਹੋ ਗਈ ਹੈ। ਦੰਤੇਵਾੜਾ 'ਚ 76 ਸੀ.ਆਰ.ਪੀ.ਐੱਫ. ਜਵਾਨਾਂ ਅਤੇ ਜੀਰਮ ਘਾਟੀ 'ਚ ਕਾਂਗਰਸ ਨੇਤਾਵਾਂ ਦੇ ਕਤਲ ਦਾ ਜ਼ਿੰਮੇਵਾਰ ਰਮੰਨਾ ਛਾਪਾਮਾਰ ਯੁੱਧ ਕਲਾ ਦਾ ਐਕਸਪਰਟ ਸੀ ਅਤੇ ਪੀਪਲਜ਼ ਲਿਬਰੇਸ਼ਨ ਗੁਰਿੱਲਾ ਆਰਮੀ ਦੇ ਬਟਾਲੀਅਨ ਨੰਬਰ ਇਕ ਦਾ ਪਹਿਲਾ ਕਮਾਂਡਰ ਸੀ। ਰਮੰਨਾ ਦਾ ਗਰਾਊਂਡ ਨੈੱਟਵਰਕ ਇੰਨਾ ਮਜ਼ਬੂਤ ਸੀ ਕਿ ਉਹ ਸੁਰੱਖਿਆ ਫੋਰਸਾਂ ਦੇ ਮੂਵਮੈਂਟ ਦੀ ਪਲ-ਪਲ ਦੀ ਖਬਰ ਰੱਖਦਾ ਸੀ।
 

1.40 ਕਰੋੜ ਦਾ ਇਨਾਮੀ ਨਕਸਲੀ ਸੀ ਰਮੰਨਾ
ਦੰਤੇਵਾੜਾ 'ਚ ਤਾਇਨਾਤ ਸੀ.ਆਰ.ਪੀ.ਐੱਫ. ਦੇ ਇਕ ਸੀਨੀਅਰ ਅਧਿਕਾਰੀ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰਮੰਨਾ ਗੁਰਿੱਲਾ ਯੁੱਧ ਕੌਸ਼ਲ ਦਾ ਮਾਹਲ ਸੀ। ਉਸ ਨੇ ਦੰਤੇਵਾੜਾ 'ਚ ਪੀਪਲਜ਼ ਲਿਬਰੇਸ਼ਨ ਗੁਰਿੱਲਾ ਆਰਮੀ ਨੂੰ ਖੜ੍ਹਾ ਕੀਤਾ। ਰਮੰਨਾ ਪੀ.ਐੱਲ.ਜੀ.ਏ. ਦਾ ਪਹਿਲਾ ਕਮਾਂਡਰ ਸੀ। ਰਮੰਨਾ ਨੇ ਦੰਤੇਵਾੜਾ ਅਤੇ ਗੜ੍ਹਚਿਰੌਲੀ 'ਚ ਜ਼ਮੀਨੀ ਪੱਧਰ 'ਤੇ ਜਾਸੂਸਾਂ ਦੀ ਫੌਜ ਖੜ੍ਹੀ ਕਰ ਰੱਖੀ ਸੀ। ਰਮੰਨਾ ਸੀ.ਆਰ.ਪੀ.ਐੱਫ. ਅਤੇ ਹੋਰ ਸੁਰੱਖਿਆ ਫੋਰਸਾਂ ਦੀ ਹਰੇਕ ਮੂਵਮੈਂਟ 'ਤੇ ਪੂਰੀ ਨਜ਼ਰ ਰੱਖਦਾ ਸੀ। ਇਹੀ ਨਹੀਂ ਦੰਡਕਾਰਨਯ ਸਪੈਸ਼ਲ ਜੋਨਲ ਕਮੇਟੀ ਦੀ ਅਗਵਾਈ ਕਰਨ ਕਾਰਨ ਉਹ ਛੱਤੀਸਗੜ੍ਹ ਅਤੇ ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ ਨਕਸਲ ਗਤੀਵਿਧੀਆਂ ਦੀ ਯੋਜਨਾ ਬਣਾਉਂਦਾ ਸੀ। ਨਕਸਲੀ ਰਮੰਨਾ 'ਤੇ ਇਕ ਕਰੋੜ 40 ਕਰੋੜ ਦਾ ਇਨਾਮ ਰੱਖਿਆ ਗਿਆ ਸੀ।
 

76 ਜਵਾਨ ਹੋਏ ਸਨ ਸ਼ਹੀਦ
ਉਨ੍ਹਾਂ ਨੇ ਦੱਸਿਆ ਕਿ ਆਪਣੇ ਮਜ਼ਬੂਤ ਗਰਾਊਂਡ ਨੈੱਟਵਰਕ ਕਾਰਨ ਰਮੰਨਾ ਨੇ ਦੰਤੇਵਾੜਾ 'ਚ ਕਈ ਭਿਆਨਕ ਹਮਲੇ ਕੀਤੇ। ਅਜਿਹਾ ਹੀ ਇਕ ਹਮਲਾ ਉਸ ਨੇ ਸਾਲ 2010 'ਚ ਸੀ.ਆਰ.ਪੀ.ਐੱਫ. ਦੇ ਬਟਾਲੀਅਨ 'ਤੇ ਕੀਤਾ ਸੀ। ਨਕਸਲੀਆਂ ਨੇ ਸੂਚਨਾ ਦੇ ਆਧਾਰ 'ਤੇ ਸੀ.ਆਰ.ਪੀ.ਐੱਫ. ਦੀ ਬੱਸ ਨੂੰ ਉਡਾ ਦਿੱਤਾ। ਇਸ 'ਚ ਸੀ.ਆਰ.ਪੀ.ਐੱਫ. ਦੇ 76 ਜਵਾਨ ਸ਼ਹੀਦ ਹੋ ਗਏ। ਮੰਨਿਆ ਜਾਂਦਾ ਹੈ ਕਿ ਇਸ ਭਿਆਨਕ ਹਮਲੇ ਦੇ ਪਿੱਛੇ ਰਮੰਨਾ ਦੀ ਯੋਜਨਾ ਸੀ।
 

15 ਸਾਲ ਦੀ ਉਮਰ 'ਚ ਚੁੱਕ ਲਿਆ ਸੀ ਹਥਿਆਰ
ਤੇਲੰਗਾਨਾ ਦੇ ਵਾਰੰਗਲ ਜ਼ਿਲੇ ਦੇ ਰਮੰਨਾ ਉਰਫ਼ ਰਾਵੁਲ ਸ਼੍ਰੀਨਿਵਾਸ ਨੇ 15 ਸਾਲ ਦੀ ਉਮਰ 'ਚ ਹਥਿਆਰ ਚੁੱਕ ਲਿਆ ਸੀ। ਉਦੋਂ ਤੋਂ ਉਹ ਦੱਖਣ ਬਸਤਰ ਦੇ ਸੁਕਮਾ ਅਤੇ ਬੀਜਾਪੁਰ ਜ਼ਿਲੇ ਦਰਮਿਆਨ ਜੰਗਲਾਂ 'ਚ ਸਰਗਰਮ ਰਿਹਾ। 6 ਅਪ੍ਰੈਲ 2010 ਨੂੰ ਸੁਕਮਾ ਜ਼ਿਲੇ ਦੇ ਤਾੜਮੇਟਲਾ 'ਚ ਉਸ ਨੇ ਸੀ.ਆਰ.ਪੀ.ਐੱਫ. ਦੀ ਇਕ ਕੰਪਨੀ 'ਤੇ ਹਮਲਾ ਕੀਤਾ ਸੀ, ਜਿਸ 'ਚ 76 ਜਵਾਨਾਂ ਦੀ ਮੌਤ ਹੋ ਗਈ। 2005 ਤੋਂ ਹੁਣ ਤੱਕ ਉਸ ਇਲਾਕੇ 'ਚ ਹੋਈ ਲਗਭਗ ਸਾਰੀਆਂ ਵੱਡੀਆਂ ਵਾਰਦਾਤਾਂ ਨੂੰ ਮਾਸਟਰਮਾਇੰਡ ਉਸ ਨੂੰ ਮੰਨਿਆ ਜਾਂਦਾ ਹੈ। ਆਂਧਰਾ ਪ੍ਰਦੇਸ਼, ਓਡੀਸ਼ਾ, ਤੇਲੰਗਾਨਾ, ਛੱਤੀਸਗੜ੍ਹ ਅਤੇ ਮਹਾਰਾਸ਼ਟਰ ਰਾਜ ਸਰਕਾਰਾਂ ਨੇ ਉਸ 'ਤੇ ਕੁੱਲ ਢਾਈ ਕਰੋੜ ਤੋਂ ਵਧ ਦਾ ਇਨਾਮ ਰੱਖਿਆ ਸੀ।
 

ਰਮੰਨਾ ਨਕਸਲੀਆਂ ਦਾ ਵੱਡਾ ਨੇਤਾ ਸੀ
ਡੀ.ਜੀ.ਪੀ. ਨੇ ਕਿਹਾ ਕਿ ਰਮੰਨਾ ਰਾਜ 'ਚ ਨਕਸਲੀਆਂ ਦਾ ਵੱਡਾ ਨੇਤਾ ਸੀ ਅਤੇ ਉਸ ਨੇ ਕਈ ਸਥਾਨਕ ਨਕਸਲੀਆਂ ਦੀ ਭਰਤੀ ਕੀਤੀ ਸੀ। ਮਾਓਵਾਦੀਆਂ ਲਈ ਇਹ ਇਕ ਵੱਡਾ ਝਟਕਾ ਹੈ। ਰਮੰਨਾ ਦੀ ਮੌਤ ਤੋਂ ਬਾਅਦ ਪੁਲਸ ਨੂੰ ਇਸ ਦਾ ਭਰੋਸਾ ਨਹੀਂ ਹੋ ਰਿਹਾ ਸੀ ਅਤੇ ਖਬਰੀਆਂ ਨੂੰ ਪੁਸ਼ਟੀ ਲਈ ਜੰਗਲ ਦੇ ਕਾਫ਼ੀ ਅੰਦਰ ਭੇਜਿਆ ਗਿਆ। ਇਨ੍ਹਾਂ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਰਮੰਨਾ ਦੀ ਮੌਤ ਹੋ ਗਈ ਹੈ। ਰਮੰਨਾ ਮੂਲ ਰੂਪ ਨਾਲ ਤੇਲੰਗਾਨਾ ਦੇ ਵਾਰੰਗਲ ਦਾ ਰਹਿਣ ਵਾਲਾ ਸੀ ਪਰ ਉਸ ਨੇ ਆਪਣਾ ਜ਼ਿਆਦਾਤਰ ਸਮਾਂ ਬਸਤਰ 'ਚ ਬਿਤਾਇਆ। ਉਹ ਕਰੀਬ 3 ਦਹਾਕੇ ਤੱਕ ਨਕਸਲੀ ਗਤੀਵਿਧੀਆਂ 'ਚ ਸ਼ਾਮਲ ਰਿਹਾ।


author

DIsha

Content Editor

Related News