ਇੰਜੀਨੀਅਰ ਨੂੰ ਅਗਵਾ ਕਰ ਲੈ ਗਏ ਨਕਸਲੀ, ਪਤਨੀ ਨੇ ਲਾਈ ਗੁਹਾਰ- ਮੇਰੇ ਪਤੀ ਨੂੰ ਰਿਹਾਅ ਕਰ ਦਿਓ
Sunday, Feb 13, 2022 - 01:54 PM (IST)
 
            
            ਬਸਤਰ— ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚ ਨਕਸਲੀਆਂ ਨੇ ਇਕ ਇੰਜੀਨੀਅਰ ਨੂੰ ਅਗਵਾ ਕਰ ਲਿਆ ਹੈ। ਦਰਅਸਲ ਇੰਜੀਨੀਅਰ ਇੰਦਰਾਵਤੀ ਪੁਲ ਦਾ ਕੰਮ ਵੇਖਣ ਲਈ ਗਏ ਸਨ। ਇਹ ਪੁਲ ਛੱਤੀਸਗੜ੍ਹ ਅਤੇ ਮਹਾਰਾਸ਼ਟਰ ਨੂੰ ਜੋੜਨ ਵਾਲਾ ਪੁਲ ਹੈ। ਇੱਥੇ ਕੁਝ ਹਥਿਆਰਾਂ ਨਾਲ ਲੈਸ ਨਕਸਲੀ ਉਨ੍ਹਾਂ ਨੂੰ ਆਪਣੇ ਨਾਲ ਅਗਵਾ ਕਰ ਕੇ ਲੈ ਗਏ। ਇੰਜੀਨੀਅਰ ਤੋਂ ਇਲਾਵਾ 2 ਹੋਰ ਲੋਕਾਂ ਨੂੰ ਨਕਸਲੀਆਂ ਨੇ ਅਗਵਾ ਕੀਤਾ ਹੈ।
ਇਹ ਵੀ ਪੜ੍ਹੋ : ਹੈਰਾਨੀਜਨਕ! 50 ਸਾਲਾਂ ’ਚ ਪਹਿਲੀ ਵਾਰ 31 ਹਜ਼ਾਰ ਰੁਪਏ ’ਚ ਵਿਕਿਆ ਅੰਬਾਂ ਦਾ ਟੋਕਰਾ
ਅਗਵਾ ਕੀਤੇ ਗਏ ਇੰਜੀਨੀਅਰ ਦਾ ਨਾਂ ਅਸ਼ੋਕ ਪਵਾਰ ਹੈ। ਉਹ ਮਹਾਰਾਸ਼ਟਰ ਦੇ ਔਰੰਗਾਬਾਦ ਦਾ ਰਹਿਣ ਵਾਲਾ ਹੈ। ਮੌਜੂਦਾ ਸਮੇਂ ਵਿਚ ਆਪਣੀ ਪਤਨੀ ਅਤੇ ਦੋ ਧੀਆਂ ਨਾਲ ਕਿਰਾਏ ਦੇ ਘਰ ਵਿਚ ਰਹਿ ਰਿਹਾ ਸੀ। ਅਸ਼ੋਕ ਦੇ ਅਗਵਾ ਦੀ ਖ਼ਬਰ ਸਾਹਮਣੇ ਆਈ ਤਾਂ ਉਨ੍ਹਾਂ ਦੀ ਪਤਨੀ ਸੋਨਾਲੀ ਪਵਾਰ ਪਰੇਸ਼ਾਨ ਹੋ ਗਈ ਹੈ। ਉਨ੍ਹਾਂ ਵਲੋਂ ਨਕਸਲੀਆਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਸ ਦੇ ਪਤੀ ਨੂੰ ਛੱਡ ਦਿੱਤਾ ਜਾਵੇ। 24 ਘੰਟੇ ਬੀਤ ਜਾਣ ਮਗਰੋਂ ਪੁਲਸ ਹੱਥ ਵੀ ਅਜੇ ਤਕ ਕੋਈ ਸੁਰਾਗ ਨਹੀਂ ਲੱਗਾ।
ਇਹ ਵੀ ਪੜ੍ਹੋ : ਚੱਲਦੀ ਟਰੇਨ ਦੇ ਹੇਠਾਂ ਸ਼ਖਸ ਨੇ ਮਾਰੀ ਛਾਲ, ਜਾਨ ’ਤੇ ਖੇਡ ਕੇ ਬਚਾਈ ਕੁੜੀ ਦੀ ਜ਼ਿੰਦਗੀ
ਪਤਨੀ ਸੋਨਾਲੀ ਪਵਾਰ ਨੇ ਕਿਹਾ ਕਿ ਮੇਰੇ ਪਤੀ ਰੋਜ਼ੀ-ਰੋਟੀ ਲਈ ਕੰਮ ਕਰਨ ਬਸਤਰ ਆਏ ਹੋਏ ਹਨ। ਉਨ੍ਹਾਂ ਦੇ ਕੰਮ ਕਰਨ ਵਾਲੀ ਥਾਂ ਤੋਂ ਕੁਝ ਪਿੰਡ ਵਾਲੇ ਉਨ੍ਹਾਂ ਨੂੰ ਲੈ ਕੇ ਚਲੇ ਗਏ। ਮੇਰੀਆਂ ਦੋ ਛੋਟੀਆਂ-ਛੋਟੀਆਂ ਧੀਆਂ ਵੀ ਹਨ, ਸਾਡੇ ਪਾਲਣ-ਪੋਸ਼ਣ ਲਈ ਹੀ ਮੇਰੇ ਪਤੀ ਬਸਤਰ ਕੰਮ ਕਰਨ ਗਏ ਹੋਏ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਮੇਰੇ ਪਤੀ ਨੂੰ ਰਿਹਾਅ ਕਰ ਦਿਓ, ਜੇਕਰ ਮੇਰੇ ਪਤੀ ਵਲੋਂ ਕੋਈ ਗਲਤੀ ਹੋਈ ਹੋਵੇ ਤਾਂ ਉਨ੍ਹਾਂ ਨੂੰ ਮੁਆਫ਼ ਕਰ ਦਿਓ।
ਜ਼ਿਕਰਯੋਗ ਹੈ ਕਿ ਨਕਸਲੀਆਂ ਦੀ ਹਿੰਸਾ ਹੁਣ ਬਸਤਰ ’ਚ ਇੰਨੀ ਵਧਦੀ ਜਾ ਰਹੀ ਹੈ ਕਿ ਆਏ ਦਿਨ ਵੱਖ-ਵੱਖ ਥਾਵਾਂ ’ਤੇ ਕਦੇ ਕਿਸੇ ਪਿੰਡ ਵਾਸੀ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਤਾਂ ਕਦੇ ਨਿਰਮਾਣ ਕੰਮ ’ਚ ਲੱਗੇ ਵਾਹਨਾਂ ’ਚ ਅੱਗ ਲਾ ਦਿੱਤੀ ਜਾਂਦੀ ਹੈ। ਹੁਣ ਅਸ਼ੋਕ ਦੀ ਪਤਨੀ ਦੀ ਭਾਵੁਕ ਅਪੀਲ ਦਾ ਨਕਸਲੀਆਂ ’ਤੇ ਕੋਈ ਅਸਰ ਹੁੰਦਾ ਹੈ ਜਾਂ ਨਹੀਂ, ਇਹ ਤਾਂ ਸਮਾਂ ਹੀ ਦੱਸੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਅਸ਼ੋਕ ਨੂੰ ਛੇਤੀ ਛੱਡ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : NCB ਵਲੋਂ ਵੱਡਾ ਆਪਰੇਸ਼ਨ; ਜਲ ਸੈਨਾ ਦੀ ਮਦਦ ਨਾਲ 2,000 ਕਰੋੜ ਦੀ ਡਰੱਗਜ਼ ਬਰਾਮਦ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            