ਛੱਤੀਸਗੜ੍ਹ : 13 ਮਹੀਨਿਆਂ ''ਚ ਮਾਰੇ ਗਏ 81 ਨਕਸਲੀ, 25 ਪੁਲਸ ਕਰਮਚਾਰੀ ਹੋਏ ਸ਼ਹੀਦ
Thursday, Mar 05, 2020 - 01:57 PM (IST)
ਰਾਏਪੁਰ— ਛੱਤੀਸਗੜ੍ਹ 'ਚ ਪਿਛਲੇ ਇਕ ਸਾਲ 'ਚ 81 ਨਕਸਲੀ ਮਾਰੇ ਗਏ ਹਨ। ਵਿਧਾਨ ਸਭਾ 'ਚ ਬੁੱਧਵਾਰ ਨੂੰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਦੇ ਲਿਖਤੀ ਪ੍ਰਸ਼ਨ ਦੇ ਉੱਤਰ 'ਚ ਗ੍ਰਹਿ ਮੰਤਰੀ ਤਾਮਰਧਵਜ ਸਾਹੂ ਨੇ ਦੱਸਿਆ ਕਿ ਇਕ ਜਨਵਰੀ 2019 ਤੋਂ ਇਸ 15 ਫਰਵਰੀ 2020 ਤੱਕ ਸੂਬੇ 'ਚ 81 ਨਕਸਲੀ ਮਾਰੇ ਗਏ ਹਨ 350 ਨਕਸਲੀਆਂ ਨੇ ਪੁਲਸ ਦੇ ਸਾਹਮਣੇ ਆਤਮਸਮਰਪਣ ਕੀਤਾ ਹੈ। ਉੱਥੇ ਹੀ ਸਾਹੂ ਨੇ ਦੱਸਿਆ ਕਿ ਇਸ ਦੌਰਾਨ ਨਕਸਲੀ ਹਿੰਸਾ 'ਚ 57 ਪਿੰਡ ਵਾਸੀਆਂ ਦੀ ਮੌਤ ਹੋ ਗਈ ਅਤੇ 25 ਪੁਲਸ ਕਰਮਚਾਰੀ ਸ਼ਹੀਦ ਹੋਏ।
ਪ੍ਰਦੇਸ਼ ਦੇ ਗ੍ਰਹਿ ਮੰਤਰੀ ਨੇ ਦੱਸਿਆ ਕਿ ਰਾਜ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲੇ 'ਚ 23 ਨਕਸਲੀ, ਬੀਜਾਪੁਰ 'ਚ 16, ਦੰਤੇਵਾੜਾ 'ਚ 14, ਰਾਜਨਾਂਦਗਾਂਵ ਜ਼ਿਲੇ 'ਚ 8 ਨਕਸਲੀ, ਬਸਤਰ ਜ਼ਿਲੇ 'ਚ 6, ਨਾਰਾਇਣਪੁਰ ਜ਼ਿਲੇ 'ਚ 6, ਧਮਤਰੀ 'ਚ 5 ਅਤੇ ਕਾਂਕੇਰ 'ਚ 2 ਨਕਸਲੀ ਮਾਰੇ ਗਏ। ਇਸ ਤੋਂ ਇਲਾਵਾ ਕਬੀਰਧਾਮ ਜ਼ਿਲੇ 'ਚ ਵੀ ਇਕ ਨਕਸਲੀ ਮਾਰਿਆ ਗਿਆ।
ਗ੍ਰਹਿ ਰਾਜ ਮੰਤਰੀ ਨੇ ਦੱਸਿਆ ਕਿ ਇਸ ਦੌਰਾਨ ਸੂਬੇ ਦੇ ਬੀਜਾਪੁਰ ਜ਼ਿਲੇ 'ਚ ਸਭ ਤੋਂ ਵਧ 15 ਪਿੰਡ ਵਾਸੀਆਂ ਦੀ ਅਤੇ 9 ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ। ਸਾਹੂ ਨੇ ਦੱਸਿਆ ਕਿ ਰਾਜ ਦੇ ਸੁਕਮਾ ਜ਼ਿਲੇ 'ਚ ਸਭ ਤੋਂ ਵਧ 199 ਨਕਸਲੀਆਂ ਨੇ, ਦੰਤੇਵਾੜਾ ਜ਼ਿਲੇ 'ਚ 79 ਨਕਸਲੀਆਂ ਨੇ ਅਤੇ ਬੀਜਾਪੁਰ ਜ਼ਿਲੇ 'ਚ 56 ਨਕਸਲੀਆਂ ਨੇ ਪੁਲਸ ਦੇ ਸਾਹਮਣੇ ਆਤਮਸਮਰਪਣ ਕੀਤਾ ਹੈ।