ਜ਼ਮੀਨ ਦੀ ਵੰਡ ਨੂੰ ਲੈ ਕੇ ਹੋਇਆ ਝਗੜਾ, ਟਰੈਕਟਰ ਨਾਲ ਕੁਚਲ ਕੇ ਦੋ ਭਰਾਵਾਂ ਦਾ ਕਤਲ
Tuesday, Aug 27, 2024 - 03:13 PM (IST)
ਰਾਏਪੁਰ- ਛੱਤੀਸਗੜ੍ਹ ਦੇ ਮੁੰਗੇਲੀ ਜ਼ਿਲ੍ਹੇ 'ਚ ਜ਼ਮੀਨ ਵੰਡ ਨੂੰ ਲੈ ਕੇ ਪਿਤਾ ਅਤੇ ਭਰਾ ਨੇ ਟਰੈਕਟਰ ਨਾਲ ਕੁਚਲ ਕੇ ਦੋ ਭਰਾਵਾਂ ਨੂੰ ਮਾਰ ਦਿੱਤਾ ਅਤੇ ਇਕ ਭਰਾ ਸਮੇਤ ਪਰਿਵਾਰ ਦੇ ਦੋ ਮੈਂਬਰਾਂ ਨੂੰ ਜ਼ਖ਼ਮੀ ਕਰ ਦਿੱਤਾ। ਪੁਲਸ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ 'ਚ ਤਿੰਨ ਔਰਤਾਂ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ 4 ਹੋਰ ਫ਼ਰਾਰ ਹਨ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਫਾਸਟਰਪੁਰ ਥਾਣਾ ਖੇਤਰ ਦੇ ਗੀਗਤਰਾ ਪਿੰਡ 'ਚ ਪਰਿਵਾਰ ਦੀ ਆਪਸੀ ਲੜਾਈ ਵਿਚ ਦੋ ਸਕੇ ਭਰਾਵਾਂ ਬਾਗਬਲੀ ਪਾਟਲੇ (55) ਅਤੇ ਵਕੀਲ ਪਾਟਲੇ (45) ਦੀ ਮੌਤ ਹੋ ਗਈ ਅਤੇ ਇਕ ਹੋਰ ਭਰਾ ਕੌਸ਼ਲ ਪਾਟਲੇ (58) ਅਤੇ ਵਕੀਲ ਦੀ ਪਤਨੀ ਸੰਤੋਸ਼ੀ ਪਾਟਲੇ (40) ਜ਼ਖ਼ਮੀ ਹੋ ਗਏ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਕੇਜੂਰਾਮ ਪਾਟਲੇ, ਉਨ੍ਹਾਂ ਦੀ ਪਤਨੀ ਚਿਤਰਰੇਖਾ, ਭਰਾ ਮੱਖਣ ਦੀ ਪਤਨੀ ਮੀਨਾਕਸ਼ੀ ਅਤੇ ਮੱਖਣ ਦਾ ਪੁੱਤਰ ਅਤੇ ਇਕ ਹੋਰ ਭਰਾ ਰਾਮਬਲੀ ਦੀ ਪਤਨੀ ਰਜਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀ ਨੇ ਦੱਸਿਆ ਕਿ ਕੇਜੂਰਾਮ ਦੇ ਪਿਤਾ ਤੋਰਣ ਪਾਟਲੇ ਸਮੇਤ 4 ਲੋਕ ਫ਼ਰਾਰ ਹਨ। ਬੁਧਵਾਰਾ ਪਿੰਡ ਵਾਸੀ ਤੋਰਣ ਪਾਟਲੇ ਦੇ 7 ਪੁੱਤਰਾਂ-ਭਾਗਬਲੀ, ਵਕੀਲ, ਕੇਜੂ, ਮੱਖਣ, ਰਾਮਬਲੀ, ਕੌਸ਼ਲ ਅਤੇ ਨਰਿੰਦਰ ਵਿਚਕਾਰ ਜ਼ਮੀਨ ਦੀ ਵੰਡ ਨੂੰ ਲੈ ਕੇ ਰੰਜਿਸ਼ ਚੱਲ ਰਹੀ ਹੈ। ਤੋਰਣ ਪਾਟਲੇ ਉਸ ਦੇ ਪੁੱਤਰ ਕੇਜੂ, ਮੱਖਣ ਅਤੇ ਰਾਮਬਲੀ ਇਕ ਪਾਸੇ ਹਨ, ਜਦੋਂ ਕਿ ਦੂਜੇ ਪਾਸੇ ਭਾਗਬਲੀ, ਵਕੀਲ, ਕੌਸ਼ਲ ਅਤੇ ਨਰਿੰਦਰ ਹਨ। ਉਨ੍ਹਾਂ ਨੇ ਦੱਸਿਆ ਕਿ ਐਤਵਾਰ ਨੂੰ ਭਾਗਬਲੀ, ਵਕੀਲ, ਵਕੀਲ ਦੀ ਪਤਨੀ ਸੰਤੋਸ਼ੀ ਅਤੇ ਕੌਸ਼ਲ ਪਿੰਡ ਗੀਗਤਰਾ ਤੋਂ ਛਟਨ ਪਿੰਡ ਵੱਲ ਜਾਂਦੀ ਸੜਕ 'ਤੇ ਖੇਤਾਂ 'ਚ ਕੰਮ ਕਰ ਰਹੇ ਸਨ।
ਇਸ ਦੌਰਾਨ ਪਰਿਵਾਰ ਦੀ ਦੂਜੀ ਧਿਰ ਕੇਜੂ, ਚਿਤਰਲੇਖਾ, ਮੱਖਣ, ਮੱਖਣ ਦੀ ਪਤਨੀ ਮੀਨਾਕਸ਼ੀ, ਮੱਖਣ ਦਾ ਮੁੰਡਾ, ਭਰਾ ਰਾਮਬਲੀ, ਰਾਮਬਲੀ ਦੀ ਪਤਨੀ ਰਜਨੀ, ਮੱਖਣ ਦਾ ਸਹੁਰਾ ਪੱਖ ਦਾ ਰਿਸ਼ਤੇਦਾਰ ਲੱਲਾ ਅਤੇ ਉਨ੍ਹਾਂ ਦੇ ਪਿਤਾ ਤੋਰਣ ਡੰਡੇ ਲੈ ਕੇ ਖੇਤਾਂ ਨਾਲ ਲੱਗਦੇ ਮੱਖਣ ਦੇ ਮਕਾਨ ਵਿਚ ਲੁੱਕੇ ਹੋਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਜਿਵੇਂ ਹੀ ਭਾਗਬਲੀ, ਵਕੀਲ, ਸੰਤੋਸ਼ੀ ਅਤੇ ਕੌਸ਼ਲ ਖੇਤਾਂ 'ਚੋਂ ਨਿਕਲ ਕੇ ਸੜਕ 'ਤੇ ਪਹੁੰਚੇ ਤਾਂ ਕੇਜੂ, ਚਿਤਰਲੇਖਾ, ਮੱਖਣ, ਮੀਨਾਕਸ਼ੀ, ਮੱਖਣ ਦਾ ਪੁੱਤਰ, ਰਾਮਬਲੀ, ਰਜਨੀ, ਲੱਲਾ ਅਤੇ ਤੋਰਣ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਕੇਜੂ ਨੇ ਆਪਣੇ ਟਰੈਕਟਰ ਨਾਲ ਭਾਗਬਲੀ ਅਤੇ ਵਕੀਲ ਨੂੰ ਕੁਚਲ ਦਿੱਤਾ, ਜਿਸ ਨਾਲ ਭਾਗਬਲੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਵਿਚ ਵਕੀਲ, ਕੌਸ਼ਲ ਅਤੇ ਸੰਤੋਸ਼ੀ ਜ਼ਖ਼ਮੀ ਹੋ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਪੁਲਸ ਟੀਮ ਪਿੰਡ ਲਈ ਰਵਾਨਾ ਹੋ ਗਈ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਵਕੀਲ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਵਿਚ 5 ਦੋਸ਼ੀਆਂ ਕੇਜੂਰਾਮ, ਚਿਤਰਲੇਖਾ, ਰਜਨੀ, ਮੀਨਾਕਸ਼ੀ ਅਤੇ ਮੱਖਣ ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਤੋਰਣ, ਮੱਖਣ, ਰਾਮਬਲੀ ਅਤੇ ਰਿਸ਼ਤੇਦਾਰ ਲੱਲਾ ਫ਼ਰਾਰ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।