ਕੋਟਾ ’ਚ ਸੋਸ਼ਲ ਮੀਡੀਆ ਰੀਲਜ਼ ਨੂੰ ਲੈ ਕੇ 11ਵੀਂ ਜਮਾਤ ਦੇ ਵਿਦਿਆਰਥੀ ਦਾ ਕਤਲ
Thursday, Mar 12, 2026 - 12:29 AM (IST)
ਕੋਟਾ, (ਭਾਸ਼ਾ)- ਕੋਟਾ ’ਚ ਸੋਸ਼ਲ ਮੀਡੀਆ ਰੀਲਜ਼ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ 2-3 ਨੌਜਵਾਨਾਂ ਨੇ ਕਥਿਤ ਤੌਰ ’ਤੇ ਲੋਹੇ ਦੀਆਂ ਰਾਡਾਂ ਅਤੇ ਚਾਕੂ ਨਾਲ ਵਾਰ ਕਰ ਕੇ 17 ਸਾਲਾ ਇਕ ਵਿਦਿਆਰਥੀ ਦਾ ਕਤਲ ਕਰ ਦਿੱਤਾ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਮੰਗਲਵਾਰ ਰਾਤ 11 ਵਜੇ ਉਦਯੋਗ ਨਗਰ ਥਾਣਾ ਖੇਤਰ ਦੇ ਪ੍ਰੇਮ ਨਗਰ ’ਚ ਵਾਪਰੀ। ਪੀੜਤ ਇਕ ਵਿਆਹ ਸਮਾਰੋਹ ਤੋਂ ਪਰਤ ਰਿਹਾ ਸੀ ਜਦੋਂ ਹੀ ਉਸ ਨੂੰ ਰੋਕਿਆ ਗਿਆ। ਮ੍ਰਿਤਕ ਦੀ ਪਛਾਣ ਪ੍ਰੇਮ ਨਗਰ ਦੇ ਜਗਾ ਬਸਤੀ ਨਿਵਾਸੀ 11ਵੀਂ ਜਮਾਤ ਦੇ ਵਿਦਿਆਰਥੀ ਸ਼ੁਭਮ ਸੈਨ ਵਜੋਂ ਹੋਈ ਹੈ।
ਪੁਲਸ ਅਨੁਸਾਰ, ਚੌਥ ਮਾਤਾ ਮੰਦਰ ਨੇੜੇ ਹੋਏ ਹਮਲੇ ’ਚ ਸੈਨ ਨੂੰ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਤੁਰੰਤ ਨਿਊ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਦਯੋਗ ਨਗਰ ਸਰਕਲ ਇੰਸਪੈਕਟਰ ਜਿਤੇਂਦਰ ਸਿੰਘ ਨੇ ਦੱਸਿਆ ਕਿ ਸੈਨ ਦੇ ਪੇਟ ’ਚ ਡੂੰਘੇ ਜ਼ਖਮ ਸਨ ਅਤੇ ਜ਼ਿਆਦਾ ਖੂਨ ਵਗਣ ਕਾਰਨ ਉਹ ਮੌਕੇ ’ਤੇ ਹੀ ਬੇਹੋਸ਼ ਹੋ ਕੇ ਡਿੱਗ ਪਿਆ।
ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਵਿਸ਼ਾਲ ਅਤੇ ਰਾਜ ਬੱਚਾ ਨਾਮੀ 2 ਮੁਲਜ਼ਮਾਂ ਖ਼ਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ। ਘਟਨਾ ਤੋਂ ਬਾਅਦ ਦੋਵੇਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਅਜੇ ਤੱਕ ਉਨ੍ਹਾਂ ਨੂੰ ਫੜਿਆ ਨਹੀਂ ਜਾ ਸਕਿਆ ਹੈ।
