ਛਪਰਾ ''ਚ ਨੌਜਵਾਨ ਦੀ ਮੌਤ ''ਤੇ ਹੰਗਾਮਾ: 8 ਫਰਵਰੀ ਤੱਕ 23 ਸੋਸ਼ਲ ਮੀਡੀਆ ਪਲੇਟਫਾਰਮਾਂ ''ਤੇ ਪਾਬੰਦੀ
Monday, Feb 06, 2023 - 05:44 PM (IST)

ਛਪਰਾ- ਬਿਹਾਰ ਦੇ ਛਪਰਾ ਜ਼ਿਲ੍ਹੇ 'ਚ ਨੌਜਵਾਨ ਦੀ ਮੌਤ ਤੋਂ ਬਾਅਦ ਵਧਦੇ ਹੰਗਾਮੇ ਨੂੰ ਦੇਖਦੇ ਹੋਏ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸੂਬਾ ਸਰਕਾਰ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤਾ ਹੈ। ਸਰਕਾਰ ਨੇ ਫੇਸਬੁੱਕ, ਵਟਸਐਪ, ਟਵਿੱਟਰ ਸਮੇਤ 23 ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ 8 ਫਰਵਰੀ ਤੱਕ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਇਲਾਕੇ 'ਚ ਤਣਾਅ ਦੇ ਮੱਦੇਨਜ਼ਰ ਧਾਰਾ 144 ਲਾਗੂ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ- ਨੌਜਵਾਨ ਦੀ ਕੁੱਟਮਾਰ ਨਾਲ ਮੌਤ ਮਗਰੋਂ ਅੱਗਜ਼ਨੀ, ਭੰਨਤੋੜ, ਧਾਰਾ-144 ਲਾਗੂ
ਦੱਸ ਦੇਈਏ ਕਿ ਜ਼ਿਲ੍ਹੇ ਦੇ ਮਾਂਝੀ ਥਾਣੇ ਦੇ ਅਧੀਨ ਪੈਂਦੇ ਪਿੰਡ ਮੁਬਾਰਕਪੁਰ 'ਚ ਮੁੱਖ ਪ੍ਰਤੀਨਿਧੀ ਦੇ ਪਤੀ ਵਿਜੇ ਯਾਦਵ ਦੇ ਗੁੰਡਿਆਂ ਵੱਲੋਂ ਤਿੰਨ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਸੀ, ਜਿਸ 'ਚ ਇਕ ਨੌਜਵਾਨ ਅਮਿਤੇਸ਼ ਦੀ ਮੌਤ ਹੋ ਗਈ ਸੀ, ਜਦਕਿ ਰਾਹੁਲ ਸਿੰਘ ਅਤੇ ਆਲੋਕ ਸਿੰਘ ਜ਼ਖ਼ਮੀ ਹੋ ਗਏ ਸਨ। ਇਸ ਸਾਰੀ ਘਟਨਾ ਦਾ ਵੀਡੀਓ ਵਾਇਰਲ ਹੋ ਗਿਆ, ਜਿਸ ਤੋਂ ਬਾਅਦ ਮੁਬਾਰਕਪੁਰ ਤੋਂ ਇਲਾਵਾ ਹੋਰ ਪਿੰਡਾਂ ਦੇ ਲੋਕ ਵੀ ਗੁੱਸੇ 'ਚ ਆ ਗਏ। ਲੋਕਾਂ ਨੇ ਦੋਸ਼ੀ ਦੇ ਘਰ 'ਤੇ ਹਮਲਾ ਕਰਕੇ ਅੱਗ ਲਗਾ ਦਿੱਤੀ।
ਇਹ ਵੀ ਪੜ੍ਹੋ- 6 ਸਾਲਾ ਬੱਚੇ ਦਾ ਅਗਵਾ ਮਗਰੋਂ ਕਤਲ; ਮੰਗੀ ਸੀ 4 ਕਰੋੜ ਦੀ ਫਿਰੌਤੀ, ਕੁਝ ਹੀ ਘੰਟੇ ਬਾਅਦ ਮਿਲੀ ਮਾਸੂਮ ਦੀ ਲਾਸ਼
ਇਸ ਕਤਲ ਕੇਸ 'ਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਬਾਕੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਭੜਕਾਊ ਪੋਸਟਾਂ ਪਾਉਣ ਵਾਲਿਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪਿੰਡ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮਾਂਝੀ ਥਾਣੇ ਦੇ SHO ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।