ਪੱਛਮੀ ਬੰਗਾਲ ਅਤੇ ਕੇਰਲ ਵਿਚੋਂ ਗ੍ਰਿਫਤਾਰ ਅਲਕਾਇਦਾ ਦੇ 11 ਅੱਤਵਾਦੀਆਂ ਵਿਰੁੱਧ ਦੋਸ਼ ਪੱਤਰ ਦਾਇਰ

Saturday, Feb 27, 2021 - 02:57 AM (IST)

ਨਵੀਂ ਦਿੱਲੀ - ਕੌਮੀ  ਜਾਂਚ ਏਜੰਸੀ (ਐੱਨ.ਆਈ.ਏ.) ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਅਲਕਾਇਦਾ ਦੇ 11 ਮੈਂਬਰਾਂ ਵਿਰੁੱਧ ਸ਼ੁੱਕਰਵਾਰ ਨੂੰ ਦੋਸ਼ ਪੱਤਰ ਦਾਖਲ ਕੀਤਾ। ਪਾਕਿਸਤਾਨ ਅਤੇ ਬੰਗਲਾਦੇਸ਼ ਵਿਚ ਆਪਣੇ ਆਕਾਵਾਂ ਦੇ ਇਸ਼ਾਰੇ 'ਤੇ ਭਾਰਤ ਵਿਚ ਹਮਲਾ ਕਰਨ ਦੀ ਯੋਜਨਾ ਬਣਾਉਣ ਲਈ ਉਨ੍ਹਾਂ ਵਿਰੁੱਧ ਦੋਸ਼ ਪੱਤਰ ਦਾਇਰ ਕੀਤਾ ਗਿਆ ਹੈ।

ਮੁਰਸ਼ੀਦ ਹਸਨ, ਮੁਸ਼ੱਰਫ ਹਸਨ, ਮੈਨੁਲ ਮੰਡਲ, ਲੀਆ ਇਯਾਨ ਅਹਿਮਦ, ਨਜਮੁਸ ਸਾਕਿਬ, ਯਾਕੂਬ ਬਿਸਵਾਸ, ਸ਼ਮੀਮ ਅੰਸਾਰੀ, ਅਬੂ ਸੁਫਿਆਨ, ਅਤਿਉਰ ਰਹਿਮਾਨ, ਅਲ ਮਾਮੂਨ ਕਮਾਲ ਅਤੇ ਅਬਦੁਲ ਮੋਮੀਨ ਮੰਡਲ ਨੂੰ ਆਈ.ਪੀ.ਸੀ. ਅਤੇ ਗੈਰ ਕਾਨੂੰਨੀ ਸਰਗਰਮੀਆਂ (ਰੋਕੂ) ਕਾਨੂੰਨ ਅਤੇ ਅਸਲਾ ਐਕਟ ਅਧੀਨ ਮੁਲਜ਼ਮ ਬਣਾਇਆ ਗਿਆ ਹੈ।

ਜਾਂਚ ਏਜੰਸੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਐੱਨ.ਆਈ.ਏ. ਨੂੰ ਸੂਚਨਾ ਮਿਲੀ ਸੀ ਕਿ ਹਸਨ ਦੀ ਅਗਵਾਈ ਵਿਚ ਪੱਛਮੀ ਬੰਗਾਲ ਅਤੇ ਕੇਰਲ ਵਿਚ ਅਲਕਾਇਦਾ ਨਾਲ ਜੁੜਿਆ ਇਕ ਮਾਡਿਊਲ ਸੰਚਾਲਿਤ ਹੋ ਰਿਹਾ ਹੈ। ਉਸ ਪਿੱਛੋਂ ਇਹ ਮਾਮਲਾ ਦਰਜ ਕੀਤਾ ਗਿਆ। ਐੱਨ.ਆਈ.ਏ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਅੱਤਵਾਦੀ ਹਮਲੇ ਕਰਨ ਲਈ ਇਸ ਮਾਡਿਊਲ ਦੇ ਮੈਂਬਰ ਸਾਜ਼ਿਸ਼ਾਂ ਰਚਣ ਦੇ ਕਾਫੀ ਅਗਲੇ ਪੜਾਅ ਵਿਚ ਸਨ। ਪੱਛਮੀ ਬੰਗਾਲ ਅਤੇ ਕੇਰਲ ਵਿਚ ਪਿਛਲੇ ਸਾਲ 19 ਸਤੰਬਰ ਨੂੰ ਛਾਪਿਆਂ ਦੌਰਾਨ 9 ਅੱਤਵਾਦੀ ਗ੍ਰਿਫਤਾਰ ਕੀਤੇ ਗਏ ਸਨ। ਪਿਛਲੇ ਸਾਲ ਹੀ 26 ਅਗਸਤ ਅਤੇ 1 ਨਵੰਬਰ ਨੂੰ 2 ਹੋਰ ਅੱਤਵਾਦੀ ਗ੍ਰਿਫਤਾਰ ਕੀਤੇ ਗਏ।

ਹਸਨ ਪਾਕਿਸਤਾਨ ਅਤੇ ਬੰਗਲਾਦੇਸ਼ ਵਿਚ ਅਲਕਾਇਦਾ ਦੇ ਮੁਖੀ ਦੇ ਸੰਪਰਕ ਵਿਚ ਸੀ। ਉਨ੍ਹਾਂ ਰਾਹੀਂ ਉਸ ਨੂੰ ਇਨਕਰੱਪਟਡ ਸੋਸ਼ਲ ਮੀਡੀਆ ਸਟੇਜਾਂ ਰਾਹੀਂ ਮਾੜੇ ਪ੍ਰਚਾਰ ਦੀ ਸਮੱਗਰੀ ਮਿਲੀ ਸੀ। ਐੱਨ.ਆਈ.ਏ. ਦੇ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਵਿਦੇਸ਼ ਸਥਿਤ ਆਪਣੇ ਆਗੂ ਰਾਹੀਂ ਇਕ ਹਥਿਆਰ ਕਾਰੋਬਾਰੀ ਦੇ ਸੰਪਰਕ ਵਿਚ ਸਨ।

ਆਈ.ਐੱਸ.ਆਈ. ਦੇ ਜਾਸੂਸ ਵਿਰੁੱਧ ਵੀ ਕਾਰਵਾਈ
ਆਈ.ਐੱਸ.ਆਈ. ਦੇ ਇਕ ਜਾਸੂਸ ਵਿਰੁੱਧ ਦੋਸ਼ ਪੱਤਰ ਦਾਖਲ ਕੀਤਾ ਗਿਆ ਹੈ। ਪੱਛਮੀ ਕੱਛ ਦੇ ਵਾਸੀ ਰਾਜਾ ਭਾਈ ਜਿਸ ਵਿਰੁੱਧ ਇਹ ਦੋਸ਼ ਪੱਤਰ ਦਾਖਲ ਕੀਤਾ ਗਿਆ ਹੈ, ਨੂੰ ਪਿਛਲੇ ਸਾਲ 30 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹ ਜਾਇਜ਼ ਦਸਤਾਵੇਜ਼ਾਂ 'ਤੇ ਦੋ ਵਾਰ ਪਾਕਿਸਤਾਨ ਗਿਆ। ਆਪਣੀ ਦੂਜੀ ਯਾਤਰਾ ਤੋਂ ਪਰਤਣ ਦੌਰਾਨ ਉਹ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਏਜੰਟ ਹਾਮਿਦ ਦੇ ਸੰਪਰਕ ਵਿਚ ਆਇਆ ਸੀ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News