1984 ਸਿੱਖ ਵਿਰੋਧੀ ਦੰਗੇ ਮਾਮਲੇ : ਜਗਦੀਸ਼ ਟਾਈਟਲਰ ਵਿਰੁੱਧ ਸੁਣਵਾਈ 30 ਜੂਨ ਤੱਕ ਟਲੀ

Friday, Jun 09, 2023 - 04:25 PM (IST)

1984 ਸਿੱਖ ਵਿਰੋਧੀ ਦੰਗੇ ਮਾਮਲੇ : ਜਗਦੀਸ਼ ਟਾਈਟਲਰ ਵਿਰੁੱਧ ਸੁਣਵਾਈ 30 ਜੂਨ ਤੱਕ ਟਲੀ

ਨਵੀਂ ਦਿੱਲੀ (ਏਜੰਸੀ)- ਇਕ ਵਿਸ਼ੇਸ਼ ਸੰਸਦ ਮੈਂਬਰ-ਵਿਧਾਇਕ ਅਦਾਲਤ ਨੇ ਵੀਰਵਾਰ ਨੂੰ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਖ਼ਿਲਾਫ਼ ਪੂਰਕ ਦੋਸ਼ ਪੱਤਰ ਨਾਲ ਸੰਬੰਧਤ ਮਾਮਲੇ ਨੂੰ 30 ਜੂਨ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ। ਸੀ.ਬੀ.ਆਈ. ਨੇ 20 ਮਈ ਨੂੰ ਰਾਊਜ ਐਵੇਨਿਊ ਕੋਰਟ 'ਚ ਚਾਰਜਸ਼ੀਟ ਦਾਖ਼ਲ ਕੀਤੀ ਸੀ। ਇਹ ਮਾਮਲਾ ਇਕ ਨਵੰਬਰ 1984 ਨੂੰ ਪੁਲ ਬੰਗਸ਼ ਇਲਾਕੇ 'ਚ ਤਿੰਨ ਸਿੱਖਾਂ ਦੇ ਕਤਲ ਨਾਲ ਜੁੜਿਆ ਹੈ। ਮਾਮਲੇ ਦੀ ਫਾਈਲ ਮਿਲਣ ਤੋਂ ਬਾਅਦ ਐਡੀਸ਼ਨਲ ਮੁੱਖ ਮੈਟਰੋਪਾਲਿਟਨ ਮੈਜਿਸਟ੍ਰੇਟ (ਏ.ਸੀ.ਐੱਮ.ਐੱਮ.) ਵਿਧੀ ਆਨੰਦ ਗੁਪਤਾ ਨੇ ਮਾਮਲਾ ਚੁੱਕਿਆ। 

ਏ.ਸੀ.ਐੱਮ.ਐੱਮ. ਗੁਪਤਾ ਨੇ ਕਿਹਾ,''ਫਾਈਲ ਜਲਦ ਹੀ ਪ੍ਰਾਪਤ ਹੋ ਗਈ ਹੈ ਅਤੇ ਇਸ਼ ਨੂੰ ਪੜ੍ਹਨ ਲਈ ਸਮਾਂ ਚਾਹੀਦਾ। ਇਸ ਤੋਂ ਬਾਅਦ ਇਕ ਉੱਚਿਤ ਆਦੇਸ਼ ਪਾਸ ਕੀਤਾ ਜਾਵੇਗਾ।'' ਇਹ ਮਾਮਲਾ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੇ ਇਕ ਦਿਨ ਬਾਅਦ 1 ਨਵੰਬਰ 1984 ਨੂੰ ਪੁਲ ਬੰਗਸ਼ ਇਲਾਕੇ ਵਿਚ ਇਕ ਗੁਰਦੁਆਰਾ ਸਾਹਿਬ 'ਚ ਅੱਗ ਲਾਏ ਜਾਣ ਅਤੇ 3 ਲੋਕਾਂ ਦੇ ਕਤਲ ਨਾਲ ਜੁੜਿਆ ਹੈ। CBI ਨੇ ਇੱਥੇ ਇਕ ਵਿਸ਼ੇਸ਼ ਅਦਾਲਤ ਦੇ ਸਾਹਮਣੇ ਦਾਖ਼ਲ ਆਪਣੇ ਦੋਸ਼ ਪੱਤਰ 'ਚ ਕਿਹਾ ਹੈ ਕਿ ਜਗਦੀਸ਼ ਨੇ 1 ਨਵੰਬਰ 1984 ਨੂੰ ਪੁਲ ਬੰਗਸ਼ ਗੁਰਦੁਆਰਾ ਆਜ਼ਾਦ ਮਾਰਕੀਟ 'ਚ ਇਕੱਠੀ ਹੋਈ ਭੀੜ ਨੂੰ ਉਕਸਾਇਆ ਅਤੇ ਭੜਕਾਇਆ। ਜਿਸ ਦੇ ਨਤੀਜੇ ਵਜੋਂ ਗੁਰਦੁਆਰੇ ਨੂੰ ਸਾੜ ਦਿੱਤਾ ਗਿਆ ਅਤੇ 3 ਸਿੱਖਾਂ- ਠਾਕੁਰ ਸਿੰਘ, ਬਾਦਲ ਸਿੰਘ ਅਤੇ ਗੁਰਚਰਣ ਸਿੰਘ ਦਾ ਕਤਲ ਕਰ ਦਿੱਤਾ ਗਿਆ। 


author

DIsha

Content Editor

Related News