ਚੰਦਰਯਾਨ-2 ਨੂੰ ਮੰਗਲਵਾਰ ਨੂੰ ਚੰਦਰਮਾ ਦੇ ਪੰਧ ''ਚ ਪ੍ਰਵੇਸ਼ ਕਰਵਾਏਗਾ ਇਸਰੋ

Monday, Aug 19, 2019 - 04:05 PM (IST)

ਚੰਦਰਯਾਨ-2 ਨੂੰ ਮੰਗਲਵਾਰ ਨੂੰ ਚੰਦਰਮਾ ਦੇ ਪੰਧ ''ਚ ਪ੍ਰਵੇਸ਼ ਕਰਵਾਏਗਾ ਇਸਰੋ

ਬੈਂਗਲੁਰੂ— ਭਾਰਤ ਦੇ ਚੰਦਰ ਮਿਸ਼ਨ-2 ਦੀ ਕੱਲ ਯਾਨੀ ਮੰਗਲਵਾਰ ਨੂੰ ਇਕ ਬਹੁਤ ਮਹੱਤਵਪੂਰਨ ਘੜੀ ਹੋਵੇਗੀ, ਜਦੋਂ ਇਸਰੋ ਚੰਦਰਯਾਨ-2 ਦੇ ਤਰਲ ਰਾਕੇਟ ਇੰਜਣ ਨੂੰ ਦਾਗ਼ ਕੇ ਉਸ ਨੂੰ ਚੰਨ ਦੇ ਪੰਧ 'ਚ ਪਹੁੰਚਾਉਣ ਦੀ ਮੁਹਿੰਮ ਨੂੰ ਅੰਜਾਮ ਦੇਵੇਗਾ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਕੇ. ਸੀਵਾਨ ਨੇ ਯਾਨ ਨੂੰ ਚੰਨ ਦੇ ਪੰਧ 'ਚ ਪਹੁੰਚਾਉਣ ਦੀ ਪ੍ਰਕਿਰਿਆ ਦੇ ਸੰਬੰਧ 'ਚ ਸੋਮਵਾਰ ਨੂੰ ਕਿਹਾ,''ਇਹ ਕੱਲ (ਮੰਗਲਵਾਰ) ਸਵੇਰੇ (ਅੰਦਾਜੇ ਵਜੋਂ ਸਵੇਰੇ 8.30 ਵਜੇ ਤੋਂ ਸਵੇਰੇ 9.30 ਵਜੇ ਦਰਮਿਆਨ) ਹੋਵੇਗਾ। ਇਹ ਚੁਣੌਤੀਪੂਰਨ ਹੈ।'' ਇਸਰੋ ਨੇ ਕਿਹਾ ਕਿ ਇਸ ਤੋਂ ਬਾਅਦ ਯਾਨ ਨੂੰ ਚੰਦਰਮਾ ਦੀ ਸਤਿਹ ਤੋਂ ਲਗਭਗ 100 ਕਿਲੋਮੀਟਰ ਦੀ ਦੂਰੀ 'ਤੇ ਚੰਦਰ ਧਰੁਵਾਂ ਦੇ ਉੱਪਰੋਂ ਲੰਘ ਰਹੀ ਇਸ ਦੇ ਅੰਤਿਮ ਪੰਧ 'ਚ ਪਹੁੰਚਾਉਣ ਲਈ 4 ਹੋਰ ਪੰਧ ਪ੍ਰਕਿਰਿਆਵਾਂ ਨੂੰ ਅੰਜਾਮ ਦਿੱਤਾ ਜਾਵੇਗਾ।

ਪੁਲਾੜ ਏਜੰਸੀ ਨੇ ਕਿਹਾ ਕਿ ਇਸ ਤੋਂ ਬਾਅਦ ਲੈਂਡਰ 'ਵਿਕਰਮ' 2 ਸਤੰਬਰ ਨੂੰ ਆਰਬਿਟਰ ਤੋਂ ਵੱਖ ਹੋ ਜਾਵੇਗਾ। ਇਸਰੋ ਨੇ ਕਿਹਾ ਕਿ 7 ਸਤੰਬਰ ਨੂੰ ਚੰਦਰਮਾ ਦੀ ਸਤਿਹ 'ਤੇ 'ਸਾਫਟ ਲੈਂਡਿੰਗ' ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਲੈਂਡਰ ਸੰਬੰਧੀ 2 ਪੰਧ ਪ੍ਰਕਿਰਿਆਵਾਂ ਨੂੰ ਅੰਜਾਮ ਦਿੱਤਾ ਜਾਵੇਗਾ। 22 ਜੁਲਾਈ ਨੂੰ ਪ੍ਰੀਖਣ ਯਾਨ ਜੀ.ਐੱਸ.ਐੱਲ.ਵੀ. ਮਾਰਕ-111-ਐੱਮ.1 ਰਾਹੀਂ ਲਾਂਚ ਕੀਤੇ ਗਏ ਚੰਦਰਯਾਨ-2 ਨੇ 14 ਅਗਸਤ ਨੂੰ ਧਰਤੀ ਦੇ ਪੰਧ 'ਚੋਂ ਨਿਕਲ ਕੇ ਚੰਦਰ ਪੰਧ 'ਤੇ ਅੱਗੇ ਵਧਣਾ ਸ਼ੁਰੂ ਕੀਤਾ ਸੀ। ਬੈਂਗਲੁਰੂ ਨੇੜੇ ਬਿਆਲਲੂ ਸਥਿਤ ਡੀਪ ਸਪੇਸ ਨੈੱਟਵਰਕ (ਆਈ.ਡੀ.ਐੱਸ.ਐੱਨ.) ਦੇ ਐਂਟੀਨਾ ਦੀ ਮਦਦ ਨਾਲ ਬੈਂਗਲੁਰੂ ਸਥਿਤ ਇਸਰੋ, ਟੇਲੀਮੇਟ੍ਰੀ, ਟਰੇਕਿੰਗ ਐਂਡ ਕਮਾਂਡ ਨੈੱਟਵਰਕ (ਆਈ.ਐੱਸ.ਟੀ.ਆਰ.ਏ.ਸੀ.) ਦੇ ਮਿਸ਼ਨ ਆਪਰੇਸ਼ਨਜ਼ ਕੰਪਲੈਕਸ (ਐੱਮ.ਓ.ਐਕਸ.) ਤੋਂ ਯਾਨ ਦੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਇਸਰੋ ਨੇ 14 ਅਗਸਤ ਨੂੰ ਕਿਹਾ ਸੀ ਕਿ ਚੰਦਰਯਾਨ-2 ਦੀਆਂ ਸਾਰੀਆਂ ਪ੍ਰਣਾਲੀਆਂ ਆਮ ਢੰਗ ਨਾਲ ਕੰਮ ਕਰ ਰਹੀਆਂ ਹਨ।


author

DIsha

Content Editor

Related News