ਇੰਜੀਨੀਅਰ ਨੇ ਦੱਸਿਆ ਕਿੰਝ ਲੱਭਿਆ ਵਿਕਰਮ ਲੈਂਡਰ ਦਾ ਮਲਬਾ
Tuesday, Dec 03, 2019 - 01:13 PM (IST)

ਚੇਨਈ— ਚੰਦਰਯਾਨ-2 ਦੀ ਲਾਂਚਿੰਗ ਦੇ ਸਮੇਂ ਹਾਦਸੇ ਦਾ ਸ਼ਿਕਾਰ ਹੋਏ ਵਿਕਰਮ ਲੈਂਡਰ ਦੇ ਮਲਬੇ ਨੂੰ ਆਖਰ ਲੱਭ ਲਿਆ ਗਿਆ ਹੈ। ਕਰੀਬ ਤਿੰਨ ਮਹੀਨੇ ਬਾਅਦ ਵਿਕਰਮ ਲੈਂਡਰ ਦਾ ਮਲਬਾ ਚੰਨ ਦੀ ਸਤਿਹ 'ਤੇ ਮਿਲਿਆ ਹੈ। ਇਸ ਨੂੰ ਲੱਭਣ 'ਚ ਸਭ ਤੋਂ ਵੱਡੀ ਭੂਮਿਕਾ ਚੇਨਈ ਦੇ ਇਕ ਇੰਜੀਨੀਅਰ ਨੇ ਨਿਭਾਈ ਹੈ। ਪੇਸ਼ੇ ਤੋਂ ਮੈਕੇਨੀਕਲ ਇੰਜੀਨੀਅਰ ਸ਼ਨਮੁਗਾ ਸੁਬਰਮਣੀਅਮ ਨੇ ਨਾਸਾ ਦੀਆਂ ਤਸਵੀਰਾਂ ਦੀ ਵਰਤੋਂ ਕਰਦੇ ਹੋਏ ਵਿਕਰਮ ਲੈਂਡਰ ਦੇ ਮਲਬੇ ਨੂੰ ਲੱਭਣ 'ਚ ਅਹਿਮ ਭੂਮਿਕਾ ਨਿਭਾਈ। ਦੱਸਣਯੋਗ ਹੈ ਕਿ ਚੰਨ ਦੀ ਸਤਿਹ ਨਾਲ ਟਕਰਾਉਣ ਦੇ ਬਾਅਦ ਤੋਂ ਵਿਕਰਮ ਲੈਂਡਰ ਦਾ ਸੰਪਰਕ ਇਸਰੋ ਨਾਲ ਟੁੱਟ ਗਿਆ ਸੀ।
4-5 ਦਿਨ ਤੱਕ ਰੋਜ਼ਾਨਾ 7-8 ਘੰਟੇ ਇਸ 'ਚ ਲਗਾਏ
ਆਪਣੀ ਇਸ ਖਾਸ ਉਪਲੱਬਧੀ 'ਤੇ ਸ਼ਨਮੁਗਾ ਨੇ ਕਿਹਾ ਕਿ ਮੈਨੂੰ ਚੰਨ ਦੀ ਸਤਿਹ 'ਤੇ ਕੁਝ ਵੱਖ ਜਿਹਾ ਦਿੱਸਿਆ, ਮੈਨੂੰ ਲੱਗਾ ਕਿ ਇਹ ਵਿਕਰਮ ਲੈਂਡਰ ਦਾ ਮਲਬਾ ਹੀ ਹੋਵੇਗਾ। ਫਿਰ ਅੱਜ ਨਾਸਾ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ। ਉਨ੍ਹਾਂ ਨੇ ਕਿਹਾ,''ਮੈਂ 4-5 ਦਿਨ ਤੱਕ ਰੋਜ਼ਾਨਾ 7-8 ਘੰਟੇ ਇਸ 'ਚ ਲਗਾਏ। ਸਹੀ ਜਾਣਕਾਰੀ ਨਾਲ ਇਸ ਨੂੰ ਕੋਈ ਵੀ ਕਰ ਸਕਦਾ ਸੀ। ਇਸ ਨਾਲ ਕਈ ਲੋਕ ਪ੍ਰੇਰਿਤ ਹੋਣਗੇ। ਦੱਸਣਯੋਗ ਹੈ ਕਿ ਸ਼ਨਮੁਗਾ ਸੁਬਰਮਣੀਅਮ ਇਕ ਮੈਕੇਨੀਕਲ ਇੰਜੀਨੀਅਰ ਅਤੇ ਕੰਪਿਊਟਰ ਪ੍ਰੋਗਰਾਮਰ ਹੈ, ਜੋ ਲੇਨੋਕਸ ਇੰਡੀਆ ਤਕਨਾਲੋਜੀ ਸੈਂਟਰ ਚੇਨਈ 'ਚ ਕੰਮ ਕਰਦੇ ਹਨ। ਮਦੁਰਈ ਦੇ ਰਹਿਣ ਵਾਲੇ ਸ਼ਨਮੁਗਾ ਇਸ ਤੋਂ ਪਹਿਲਾਂ ਕਾਗਨਿਜੈਂਟ 'ਚ ਪ੍ਰੋਗਰਾਮ ਐਨਾਲਿਸਟ ਦੇ ਤੌਰ 'ਤੇ ਵੀ ਕੰਮ ਕਰ ਚੁਕੇ ਹਨ।