ਜੀਵਨ ਬੀਮਾ ਕਵਰ ਦੁੱਗਣਾ ਕਰ ਕੇ 4 ਲੱਖ ਰੁਪਏ ਕਰਨ ’ਤੇ ਵਿਚਾਰ ਕਰ ਰਹੀ ਹੈ ਕੇਂਦਰ ਸਰਕਾਰ

Wednesday, Dec 10, 2025 - 01:02 AM (IST)

ਜੀਵਨ ਬੀਮਾ ਕਵਰ ਦੁੱਗਣਾ ਕਰ ਕੇ 4 ਲੱਖ ਰੁਪਏ ਕਰਨ ’ਤੇ ਵਿਚਾਰ ਕਰ ਰਹੀ ਹੈ ਕੇਂਦਰ ਸਰਕਾਰ

ਨੈਸ਼ਨਲ ਡੈਸਕ- ਕੇਂਦਰ ਸਰਕਾਰ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (ਪੀ. ਐੱਮ. ਜੇ. ਜੇ. ਬੀ. ਵਾਈ.) ਅਧੀਨ ਜੀਵਨ ਬੀਮਾ ਕਵਰ ਨੂੰ 2 ਲੱਖ ਤੋਂ ਵਧਾ ਕੇ 4 ਲੱਖ ਰੁਪਏ ਕਰਨ ਦੇ ਇਕ ਵੱਡੇ ਪ੍ਰਸਤਾਵ 'ਤੇ ਵਿਚਾਰ ਕਰ ਰਹੀ ਹੈ।

ਵਿੱਤ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਇਸ ਯੋਜਨਾ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। 2015 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਉਕਤ ਯੋਜਨਾ ਲੱਖਾਂ ਲੋਕਾਂ ਨੂੰ ਕਿਫਾਇਤੀ ਜੀਵਨ ਬੀਮਾ ਪ੍ਰਦਾਨ ਕਰਦੀ ਹੈ।

ਕਵਰ ਨੂੰ ਦੁੱਗਣਾ ਕਰਨਾ ਇਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅਪਗ੍ਰੇਡ ਹੋਵੇਗਾ, ਜੋ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਜੀਵਨ ਰੇਖਾ ਦਾ ਵਾਅਦਾ ਕਰਦਾ ਹੈ। ਇਹ ਭਾਰਤ ਦੇ ਗਰੀਬਾਂ ਲਈ ਇਕ ਗੇਮ-ਚੇਂਜਰ ਸਾਬਤ ਹੋ ਸਕਦਾ ਹੈ। ਇਸ ਤੋਂ ਇਲਾਵਾ ਜੀਵਨ ਬੀਮਾ ਕਵਰ ਨੂੰ ਦੁੱਗਣਾ ਕਰ ਕੇ ਸਰਕਾਰ ਪੇਂਡੂ ਤੇ ਘੱਟ ਆਮਦਨ ਵਾਲੇ ਵੋਟਰਾਂ ’ਚ ਅਾਪਣਾ ਅਾਧਾਰ ਮਜ਼ਬੂਤ ​​ ਕਰ ਸਕਦੀ ਹੈ।

ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਧੀਨ ਪਹਿਲਾਂ ਹੀ 746 ਮਿਲੀਅਨ ਲੋਕਾਂ ਨੂੰ ਕਵਰ ਕੀਤਾ ਗਿਆ ਹੈ ਜੋ ਇਸ ਨੂੰ ਪੂਰੇ ਦੇਸ਼ ਦੇ ਲੋਕਾਂ ਤੱਕ ਪਹੁੰਚਣ ਲਈ ਇਕ ਸ਼ਕਤੀਸ਼ਾਲੀ ਸਾਧਨ ਬਣਾਉਂਦਾ ਹੈ।

ਦੂਜੇ ਪਾਸੇ ਡਾਟਾ ਇਕ ਮਿਲੀ-ਜੁਲੀ ਤਸਵੀਰ ਪੇਸ਼ ਕਰਦਾ ਹੈ। ਜਨਤਕ ਖੇਤਰ ਦੇ ਬੈਂਕ ਪਿੱਛੇ ਰਹਿ ਗਏ ਹਨ। ਅਕਤੂਬਰ 2024 ਤੱਕ ਪੀ. ਐੱਮ. ਜੇ. ਜੇ. ਬੀ. ਵਾਈ. ਨਾਮਾਂਕਣ ਟੀਚੇ ਦੇ ਸਿਰਫ਼ 30 ਫੀਸਦੀ ਤੇ ਪੀ. ਐੱਮ. ਐੱਸ. ਬੀ. ਵਾਈ. ਲਈ 40 ਫੀਸਦੀ ਹਾਸਲ ਕਰ ਸਕੇ ਹਨ।

ਇਸ ਦੌਰਾਨ ਭਾਰਤ ਦਾ ਬੀਮਾ ਦਾਖਲਾ ਵਿੱਤੀ ਸਾਲ 2024 ’ਚ 4 ਫੀਸਦੀ ਤੋਂ ਘਟ ਕੇ 3.7 ਫੀਸਦੀ ਹੋ ਗਿਆ, ਜੋ ਵਧੇ ਹੋਏ ਯਤਨਾਂ ਦੀ ਲੋੜ ਨੂੰ ਦਰਸਾਉਂਦਾ ਹੈ। ਪੀ. ਐੱਮ. ਜੇ. ਜੇ. ਬੀ. ਵਾਈ. ਦੀ ਅਪੀਲ ਇਸ ਦੀ ਸਾਦਗੀ ਵਿੱਚ ਹੈ। 18 ਤੋਂ 50 ਸਾਲ ਦੀ ਉਮਰ ਦਾ ਕੋਈ ਵੀ ਵਿਅਕਤੀ ਜਿਸ ਕੋਲ ਬੈਂਕ ਖਾਤਾ ਹੈ, ਇਕ ਮਾਮੂਲੀ ਪ੍ਰੀਮੀਅਮ ਨਾਲ ਇਸ ਨਾਲ ਜੁੜ ਸਕਦਾ ਹੈ। ਇਹ ਸਾਲਾਨਾ ਆਟੋ -ਡੈਬਿਟ ਹੁੰਦਾ ਹੈ।

ਇਹ ਪੇਂਡੂ ਵੋਟਰਾਂ ਨੂੰ ਜਿੱਤਣ ਲਈ ਇਕ ਮਾਸਟਰਸਟ੍ਰੋਕ ਹੋ ਸਕਦਾ ਹੈ। ਇਕ ਗੱਲ ਸਪੱਸ਼ਟ ਹੈ ਕਿ ਇਹ ਕਦਮ 2029 ਤੱਕ ਵਾਲੇਟ ਤੇ ਬੈਲਟ ਦੋਵਾਂ ਨੂੰ ਆਕਾਰ ਦੇਵੇਗਾ।


author

Rakesh

Content Editor

Related News