ਕਬਰਸਤਾਨ ਬਣੇ ਯੂ.ਪੀ. ਦੇ ਹਸਪਤਾਲ, ਹੁਣ ਸੈਫਈ ਪੀ.ਜੀ.ਆਈ. ''ਚ ਹੋਈ 95 ਬੱਚਿਆਂ ਦੀ ਮੌਤ

Saturday, Sep 09, 2017 - 05:25 PM (IST)

ਕਬਰਸਤਾਨ ਬਣੇ ਯੂ.ਪੀ. ਦੇ ਹਸਪਤਾਲ, ਹੁਣ ਸੈਫਈ ਪੀ.ਜੀ.ਆਈ. ''ਚ ਹੋਈ 95 ਬੱਚਿਆਂ ਦੀ ਮੌਤ

ਲਖਨਊ— ਯੂ.ਪੀ. 'ਚ ਬੱਚਿਆਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਗੋਰਖਪੁਰ, ਫਰੂਖਾਬਾਦ ਜ਼ਿਲੇ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਪਿੰਡ ਸੈਫਈ ਪੀ.ਜੀ.ਆਈ. 'ਚ ਇਕ ਮਹੀਨੇ 'ਚ 95 ਬੱਚਿਆਂ ਦੀ ਮੌਤ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਬੱਚਿਆਂ ਦੀ ਮੌਤ ਇਲਾਜ ਦੌਰਾਨ ਹੋਈ ਹੈ। ਹਸਪਤਾਲ ਪ੍ਰਸ਼ਾਸਨ ਨੇ ਪੀ.ਜੀ.ਆਈ. 'ਚ 95 ਬੱਚਿਆਂ ਦੀ ਮੌਤ ਦੇ ਮਾਮਲੇ ਦੀ ਖੁਦ ਪੁਸ਼ਟੀ ਕੀਤੀ ਹੈ। ਡੀ.ਐੱਮ., ਸੀ.ਐੱਮ.ਓ. ਨੇ ਮਾਮਲੇ ਦੀ ਜਾਂਚ ਦੀ ਗੱਲ ਕਹੀ ਹੈ ਪਰ ਉਹ ਅਜੇ ਮੀਡੀਆ ਦੇ ਸਾਹਮਣੇ ਆਉਣ ਤੋਂ ਬਚ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਪ੍ਰਸ਼ਾਸਨ ਨੇ ਬੱਚਿਆਂ ਦੀ ਮੌਤ ਲਈ ਇਕ ਰਿਪੋਰਟ ਤਿਆਰ ਕੀਤੀ ਹੈ, ਜਿਸ 'ਚ ਹਸਪਤਾਲ ਨੂੰ ਬੇਕਸੂਰ ਦੱਸਿਆ ਗਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹਸਪਤਾਲ 'ਚ ਨਾ ਤਾਂ ਆਕਸੀਜਨ ਦੀ ਕਮੀ ਸੀ ਅਤੇ ਨਾ ਹੀ ਇਸ 'ਚ ਕੋਈ ਦੋਸ਼ੀ ਹੈ। ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਿਛਲੇ ਇਕ ਮਹੀਨੇ 'ਚ 1464 ਬੱਚੇ ਭਰਤੀ ਸਨ, ਜਿਨ੍ਹਾਂ 'ਚੋਂ 95 ਬੱਚਿਆਂ ਦੀ ਮੌਤ ਹੋ ਚੁਕੀ ਹੈ। ਹਸਪਤਾਲ ਵੱਲੋਂ ਜਾਰੀ ਕੀਤਾ ਇਹ ਅੰਕੜਾ ਅਗਸਤ ਮਹੀਨੇ ਦਾ ਹੈ।
ਜ਼ਿਕਰਯੋਗ ਹੈ ਕਿ ਸੈਫਈ ਪੀ.ਜੀ.ਆਈ. ਹਸਪਤਾਲ ਨੂੰ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ 'ਯਸ਼ ਭਾਰਤੀ' ਪੁਰਸਕਾਰ ਦੇ ਕੇ ਸਨਮਾਨਤ ਕਰ ਚੁਕੇ ਹਨ। ਉੱਥੇ ਹੀ ਪੀ.ਜੀ.ਆਈ. ਸੈਫਈ ਦੇ ਕੁਲਪਤੀ ਟੀ. ਪ੍ਰਭਾਕਰ ਦਾ ਕਹਿਣਾ ਹੈ ਕਿ ਹਸਪਤਾਲ 'ਚ ਨਾ ਤਾਂ ਆਕਸੀਜਨ ਦੀ ਕਮੀ ਸੀ ਅਤੇ ਨਾ ਹੀ ਇਲਾਜ 'ਚ ਕੋਈ ਲਾਪਰਵਾਹੀ ਵਰਤੀ ਗਈ ਹੈ। ਹੁਣ ਵੱਡਾ ਸਵਾਲ ਇਹ ਉੱਠਦਾ ਹੈ ਕਿ ਇੰਨੀਆਂ ਸਹੂਲਤਾਂ ਨਾਲ ਯੁਕਤ ਸੈਫਈ ਪੀ.ਜੀ.ਆਈ. 'ਚ ਇਕ ਮਹੀਨੇ 'ਚ 95 ਬੱਚਿਆਂ ਦੀ ਮੌਤ ਕਿਵੇਂ ਹੋ ਗਈ।


Related News