ਰਾਜੌਰੀ 'ਚ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ, 1 ਜਵਾਨ ਸ਼ਹੀਦ
Sunday, Dec 31, 2017 - 05:16 PM (IST)

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਰਾਜੌਰੀ ਅਤੇ ਪੁੰਛ ਜ਼ਿਲੇ 'ਚ ਕੰਟਰੋਲ ਰੇਖਾ 'ਤੇ ਪਾਕਿਸਤਾਨ ਫੌਜ ਵੱਲੋਂ ਕੀਤੀ ਗਈ ਜੰਗਬੰਦੀ ਦੀ ਉਲੰਘਣਾ 'ਚ ਅੱਜ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ। ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਵਾਨ ਰਾਜੌਰੀ ਜ਼ਿਲੇ ਦੇ ਨੌਸ਼ਹਿਰਾ ਸੈਕਟਰ ਦੀਆਂ ਅਗਲੀਆਂ ਚੌਂਕੀਆਂ 'ਚ ਤਾਇਨਾਤ ਸੀ ਅਤੇ ਅੱਜ ਤੜਕੇ ਪਾਕਿਸਤਾਨ ਵੱਲੋਂ ਹੋਈ ਜੰਗਬੰਦੀ ਦੀ ਉਲੰਘਣਾ ਦੌਰਾਨ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਨੇ ਪੁੰਛ ਜ਼ਿਲੇ ਦੇ ਨਜ਼ਦੀਕ ਸਥਿਤ ਦਿਗਵਾਰ ਸੈਕਟਰ 'ਚ ਵੀ ਅੰਨੇਵਾਹ ਗੋਲੀਬਾਰੀ ਕੀਤੀ। ਅਧਿਕਾਰੀ ਨੇ ਦੱਸਿਆ ਕਿ ਲੱਗਭਗ ਦੇਰ ਰਾਤ 1.00 ਵਜੇ ਗੋਲੀ ਚੱਲਣੀ ਸ਼ੁਰੂ ਹੋ ਗਈ, ਜੋ ਸਵੇਰੇ 5.30 ਮਿੰਟ ਤੱਕ ਜਾਰੀ ਸੀ।
ਪਾਕਿਸਤਾਨ ਦੀ ਫੌਜ ਵੱਲੋਂ ਜੰਗਬੰਦੀ ਦੀ ਉਲੰਘਣਾ ਦੇ ਵਾਧੇ ਵਿਚਕਾਰ ਫੌਜ ਮੁੱਖ ਬਿਪੀਨ ਰਾਵਤ ਨੇ ਕਲ੍ਹ ਇਥੇ ਸੁਰੱਖਿਆ ਫੋਰਸ ਦੇ ਅਭਿਆਨ ਦੀ ਤਿਆਰੀ ਅਤੇ ਜੰਮੂ-ਕਸ਼ਮੀਰ 'ਚ ਮੌਜ਼ੂਦਾ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ। ਫੌਜ ਮੁਖੀ ਨੇ ਕੰਟਰੋਲ ਰੇਖਾ 'ਤੇ ਸਥਿਤੀ 'ਚ ਅਗਲੀਆਂ ਚੌਂਕੀਆਂ ਦਾ ਵੀ ਜਾਇਜਾ ਲਿਆ ਅਤੇ ਰਾਜੌਰੀ ਸੈਕਟਰ ਦੇ ਜਵਾਨਾਂ ਨਾਲ ਗੱਲਬਾਤ ਕੀਤੀ। ਇਥੇ 23 ਦਸੰਬਰ ਪਾਕਿਸਤਾਨੀ ਸੈਨਿਕਾਂ ਨੇ ਫੌਜ ਦੇ ਇਕ ਮੇਜ਼ਰ ਅਤੇ ਤਿੰਨ ਜਵਾਨਾਂ ਦੀ ਹੱਤਿਆ ਕਰ ਦਿੱਤੀ ਸੀ। ਇਸ ਸਾਲ ਜੰਮੂ-ਕਸ਼ਮੀਰ 'ਚ ਸੰਘਰਸ਼ ਵਿਰਾਮ ਦੇ 881 ਮਾਮਲੇ ਹੋਏ ਹਨ। ਇਹ ਪਿਛਲੇ ਸੱਤ ਸਾਲਾਂ 'ਚ ਸਭ ਤੋਂ ਵੱਧ ਹਨ।
ਜੰਗਬੰਦੀ ਦੀ ਉਲੰਘਣਾ ਦੀ ਵਜ੍ਹਾ ਨਾਲ ਕੰਟਰੋਲ ਰੇਖਾ ਅਤੇ ਅੰਤਰਰਾਸ਼ਟਰੀ ਸਰਹੱਦ 'ਤੇ 34 ਲੋਕਾਂ ਦੀ ਮੌਤ ਹੋ ਗਈ। ਅਧਿਕਾਰਕ ਸੂਤਰਾਂ ਮੁਤਾਬਕ, ਪਾਕਿਸਤਾਨ ਨੇ ਜੰਮੂ-ਕਸ਼ਮੀਰ ਸਥਿਤ ਕੰਟਰੋਲ ਰੇਖਾ 'ਤੇ 10 ਦਸੰਬਰ ਤੱਕ 771 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ। ਨਾਲ ਹੀ ਅੰਤਰਰਾਸ਼ਟਰੀ ਸਰਹੱਦ 'ਤੇ ਨਵੰਬਰ ਦੇ ਅੰਤ ਤੱਕ 110 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ। ਸਰਹੱਦ ਪਾਰ ਤੋਂ ਹੋਈ ਗੋਲੀਬਾਰੀ 'ਚ 30 ਲੋਕਾਂ ਦੀ ਮੌਤ ਹੋ ਗਈ। ਇਸ 'ਚ 30 ਫੌਜ ਦੇ ਜਵਾਨ ਸਨ, 12 ਨਾਗਰਿਕ ਸਨ ਅਤੇ ਚਾਰ ਬੀ.ਐੈੱਸ.ਐੈੱਫ. ਦੇ ਜਵਾਨ ਸਨ।