ਪੰਜਾਬ ''ਚ ਵਾਪਰਿਆ ਦਰਦਨਾਕ ਹਾਦਸਾ: ਟਿੱਪਰ ਨੇ ਐਕਟਿਵਾ ਨੂੰ ਮਾਰੀ ਭਿਆਨਕ ਟੱਕਰ, 1 ਦੀ ਮੌਤ, ਦੂਜਾ ਗੰਭੀਰ ਜ਼ਖਮੀ
Tuesday, Aug 12, 2025 - 06:53 AM (IST)

ਮੋਗਾ (ਕਸ਼ਿਸ਼ ਸਿੰਗਲਾ) : ਸ਼ਹਿਰ ਵਿੱਚ ਸੋਮਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਜਿਸ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ, ਮੋਗਾ ਸਾਈਟ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਇੱਕ ਐਕਟਿਵਾ ਸਕੂਟੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਸਕੂਟੀ ਸਵਾਰ ਦੋਵੇਂ ਵਿਅਕਤੀ ਸੜਕ 'ਤੇ ਡਿੱਗ ਪਏ। ਅੱਖੀਂ ਦੇਖਣ ਵਾਲੇ ਲੋਕਾਂ ਮੁਤਾਬਕ, ਹਾਦਸਾ ਇੰਨਾ ਅਚਾਨਕ ਵਾਪਰਿਆ ਕਿ ਕਿਸੇ ਨੂੰ ਸਮਝਣ ਦਾ ਮੌਕਾ ਹੀ ਨਹੀਂ ਮਿਲਿਆ। ਟਿੱਪਰ ਦੀ ਰਫ਼ਤਾਰ ਬੇਹੱਦ ਤੇਜ਼ ਸੀ ਅਤੇ ਟੱਕਰ ਮਾਰਣ ਤੋਂ ਬਾਅਦ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਇਹ ਵੀ ਪੜ੍ਹੋ : 'ਟੋਲ ਟੈਕਸ ਘਟਾਓ ਜਾਂ ਸਹੂਲਤਾਂ ਦਿਓ', ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮਿਲੇ ਡਾ. ਅਮਰ ਸਿੰਘ
ਸਥਾਨਕ ਲੋਕਾਂ ਨੇ ਤੁਰੰਤ ਹੀ ਸਮਾਜ ਸੇਵਾ ਸੁਸਾਇਟੀ ਨੂੰ ਸੂਚਿਤ ਕੀਤਾ। ਸੁਸਾਇਟੀ ਦੇ ਮੈਂਬਰ ਮੌਕੇ ‘ਤੇ ਪਹੁੰਚੇ ਅਤੇ ਦੋਵੇਂ ਜ਼ਖਮੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਪਹੁੰਚਾਇਆ। ਹਾਲਾਂਕਿ, ਡਾਕਟਰਾਂ ਨੇ ਜਾਂਚ ਤੋਂ ਬਾਅਦ ਇੱਕ ਵਿਅਕਤੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਦੀ ਉਮਰ ਲਗਭਗ 50 ਸਾਲ ਹੈ। ਦੂਜੇ ਜ਼ਖਮੀ, ਜਿਸ ਦੀ ਉਮਰ 35 ਤੋਂ 40 ਸਾਲ ਦੇ ਵਿਚਕਾਰ ਹੈ, ਨੂੰ ਡਾਕਟਰਾਂ ਨੇ ਗੰਭੀਰ ਹਾਲਤ ਦੇ ਚੱਲਦੇ ਤੁਰੰਤ ਹੀ ਵੱਡੇ ਹਸਪਤਾਲ ਰੈਫਰ ਕਰ ਦਿੱਤਾ ਹੈ। ਮੌਕੇ ‘ਤੇ ਪਹੁੰਚੇ ਜਾਂਚ ਅਧਿਕਾਰੀ ਮੋਹਕਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਸ ਟੀਮ ਮੌਕੇ ‘ਤੇ ਭੇਜੀ ਗਈ। ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਟਿੱਪਰ ਬੇਹੱਦ ਤੇਜ਼ ਰਫ਼ਤਾਰ ਵਿੱਚ ਸੀ ਅਤੇ ਸਕੂਟੀ ਸਵਾਰਾਂ ਨੂੰ ਬਚਣ ਦਾ ਕੋਈ ਮੌਕਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਟਿੱਪਰ ਚਾਲਕ ਟੱਕਰ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ ਹੈ ਅਤੇ ਉਸਦੀ ਪਛਾਣ ਲਈ ਨਜ਼ਦੀਕੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
ਇਹ ਵੀ ਪੜ੍ਹੋ : ਟੈਸਲਾ ਨੇ ਦਿੱਲੀ 'ਚ ਖੋਲ੍ਹਿਆ ਦੂਜਾ ਸ਼ੋਅਰੂਮ, ਭਾਰਤ 'ਚ ਵਧਿਆ ਇਲੈਕਟ੍ਰਿਕ ਵਾਹਨਾਂ ਦਾ ਨੈੱਟਵਰਕ
ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਇਸ ਸੜਕ ‘ਤੇ ਭਾਰੀ ਵਾਹਨਾਂ ਦੀ ਰਫ਼ਤਾਰ ਤੇਜ਼ ਰਹਿੰਦੀ ਹੈ ਅਤੇ ਕਈ ਵਾਰ ਪਹਿਲਾਂ ਵੀ ਹਾਦਸੇ ਹੋ ਚੁੱਕੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਰੂਟ ‘ਤੇ ਸਪੀਡ ਬਰੇਕਰ ਲਗਾਏ ਜਾਣ ਅਤੇ ਟ੍ਰੈਫਿਕ ਪੁਲਸ ਦੀ ਨਿਯਮਿਤ ਤਾਇਨਾਤੀ ਕੀਤੀ ਜਾਵੇ ਤਾਂ ਜੋ ਭਵਿੱਖ ‘ਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਇਸ ਦਰਦਨਾਕ ਹਾਦਸੇ ਨੇ ਨਾ ਸਿਰਫ਼ ਮ੍ਰਿਤਕ ਦੇ ਪਰਿਵਾਰ ਨੂੰ ਗਮਗੀਨ ਕਰ ਦਿੱਤਾ ਹੈ, ਬਲਕਿ ਇਲਾਕੇ ਵਿੱਚ ਵੀ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪੁਲਸ ਨੇ ਮ੍ਰਿਤਕ ਦੇ ਪਰਿਵਾਰ ਨਾਲ ਸੰਵੇਦਨਾਵਾਂ ਜ਼ਾਹਰ ਕਰਦਿਆਂ ਯਕੀਨ ਦਿਵਾਇਆ ਹੈ ਕਿ ਦੋਸ਼ੀ ਚਾਲਕ ਨੂੰ ਜਲਦ ਕਾਬੂ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8