ਰਾਜ ਸਹਿਕਾਰੀ ਚੋਣ ਅਥਾਰਟੀਆਂ ਨਾਲ CEA ਦੀ ਪਹਿਲੀ ਸਲਾਹਕਾਰ ਮੀਟਿੰਗ, ਵੱਖ-ਵੱਖ ਮਾਮਲਿਆਂ 'ਤੇ ਹੋਈ ਚਰਚਾ

Monday, Aug 11, 2025 - 08:57 PM (IST)

ਰਾਜ ਸਹਿਕਾਰੀ ਚੋਣ ਅਥਾਰਟੀਆਂ ਨਾਲ CEA ਦੀ ਪਹਿਲੀ ਸਲਾਹਕਾਰ ਮੀਟਿੰਗ, ਵੱਖ-ਵੱਖ ਮਾਮਲਿਆਂ 'ਤੇ ਹੋਈ ਚਰਚਾ

ਨਵੀਂ ਦਿੱਲੀ- ਸਹਿਕਾਰੀ ਚੋਣ ਅਥਾਰਟੀ (ਸੀਈਏ) ਨੇ ਅੱਜ ਨਵੀਂ ਦਿੱਲੀ ਵਿੱਚ ਰਾਜ ਸਹਿਕਾਰੀ ਚੋਣ ਅਥਾਰਟੀਆਂ ਨਾਲ ਆਪਣੀ ਪਹਿਲੀ ਸਲਾਹਕਾਰ ਮੀਟਿੰਗ ਆਯੋਜਿਤ ਕੀਤੀ। ਮੀਟਿੰਗ ਦਾ ਉਦੇਸ਼ ਸਹਿਕਾਰੀ ਸੰਸਥਾਵਾਂ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਅਤੇ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਰਾਜ ਸਹਿਕਾਰੀ ਚੋਣ ਅਥਾਰਟੀਆਂ ਨਾਲ ਗੱਲਬਾਤ ਦੀ ਇੱਕ ਵਿਧੀ ਵਿਕਸਿਤ ਕਰਨਾ ਹੈ। ਮੀਟਿੰਗ ਦੀ ਪ੍ਰਧਾਨਗੀ ਸਹਿਕਾਰੀ ਚੋਣ ਅਥਾਰਟੀ ਦੇ ਚੇਅਰਮੈਨ, ਸ਼੍ਰੀ ਦੇਵੇਂਦਰ ਕੁਮਾਰ ਸਿੰਘ ਨੇ ਕੀਤੀ ਅਤੇ ਇਸ ਵਿੱਚ ਓਡੀਸ਼ਾ, ਬਿਹਾਰ, ਤਾਮਿਲ ਨਾਡੂ, ਤੇਲੰਗਾਨਾ ਅਤੇ ਮਹਾਰਾਸ਼ਟਰ ਦੇ ਰਾਜ ਚੋਣ ਕਮਿਸ਼ਨਰਾਂ ਨੇ ਸ਼ਿਰਕਤ ਕੀਤੀ। ਸਹਿਕਾਰਤਾ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਆਨੰਦ ਕੁਮਾਰ ਝਾਅ, ਸੀਈਏ ਦੇ ਉਪ ਚੇਅਰਮੈਨ ਸ਼੍ਰੀ ਆਰ.ਕੇ. ਗੁਪਤਾ ਅਤੇ ਸਹਿਕਾਰੀ ਲੋਕਪਾਲ ਸ਼੍ਰੀ ਆਲੋਕ ਅਗਰਵਾਲ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ।

PunjabKesari

ਇਸ ਅਵਸਰ ‘ਤੇ ਸਹਿਕਾਰੀ ਚੋਣ ਅਥਾਰਟੀ ਦੇ ਚੇਅਰਮੈਨ, ਸ਼੍ਰੀ ਦੇਵੇਂਦਰ ਕੁਮਾਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ, ਸਰਕਾਰ ਨੇ ਸਹਿਕਾਰਤਾ ਦੇ ਖੇਤਰ ਵਿੱਚ ਕਈ ਸੁਧਾਰ ਕੀਤੇ ਹਨ, ਜਿਸ ਵਿੱਚ ਸਹਿਕਾਰੀ ਚੋਣ ਅਥਾਰਟੀ ਦੀ ਸਥਾਪਨਾ ਵੀ ਸ਼ਾਮਲ ਹੈ। ਸਹਿਕਾਰੀ ਚੋਣ ਅਥਾਰਟੀ ਨੇ ਮਾਰਚ 2024 ਤੋਂ ਲੈ ਕੇ ਹੁਣ ਤੱਕ 159 ਚੋਣਾਂ ਸੰਪੰਨ ਕਰਵਾਈਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ 69 ਹੋਰ ਸਹਿਕਾਰੀ ਚੋਣਾਂ ਕਰਵਾਉਣ ਦੀ ਪ੍ਰਕਿਰਿਆ ਜਾਰੀ ਹੈ। ਬਹੁ-ਰਾਜ ਸਹਿਕਾਰੀ ਸਭਾਵਾਂ ਐਕਟ, 2002 ਦੀ ਧਾਰਾ 45 ਅਤੇ 2023 ਵਿੱਚ ਇਸ ਦੇ ਸੰਸ਼ੋਧਨ ਦੁਆਰਾ ਪ੍ਰਾਪਤ ਕੇਂਦਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਸਹਿਕਾਰੀ ਚੋਣ ਅਥਾਰਟੀ ਨੂੰ 11 ਮਾਰਚ 2024 ਨੂੰ ਸੂਚਿਤ ਕੀਤਾ ਗਿਆ ਸੀ।

PunjabKesari

ਸ਼੍ਰੀ ਦੇਵੇਂਦਰ ਕੁਮਾਰ ਸਿੰਘ ਨੇ ਕਿਹਾ ਕਿ 2025 ਨੂੰ ਸਹਿਕਾਰਤਾ ਦੇ ਅੰਤਰਰਾਸ਼ਟਰੀ ਵਰ੍ਹੇ ਵਜੋਂ ਮਨਾਇਆ ਜਾ ਰਿਹਾ ਹੈ ਅਤੇ ਸਰਕਾਰ ਵੱਲੋਂ ਸਹਿਕਾਰੀ ਖੇਤਰ ਦੇ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਦਰਸਾਉਂਦੇ ਹੋਏ ਕਈ ਸੁਧਾਰ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਵਿੱਚ ਚੋਣ ਪ੍ਰਕਿਰਿਆ ਨੂੰ ਸੁਚਾਰੂ ਅਤੇ ਪਾਰਦਰਸ਼ੀ ਬਣਾਉਣ ਦੀ ਜ਼ਰੂਰਤ ਹੈ ਤਾਂ ਜੋ ਸਹਿਕਾਰੀ ਸਭਾਵਾਂ ਦੀਆਂ ਚੋਣਾਂ ਸੁਤੰਤਰ ਅਤੇ ਨਿਰਪੱਖ ਹੋ ਸਕਣ।

ਸਹਿਕਾਰੀ ਚੋਣ ਅਥਾਰਟੀ ਦੇ ਚੇਅਰਮੈਨ ਨੇ ਕਿਹਾ ਕਿ ਸਹਿਕਾਰੀ ਚੋਣਾਂ ਲਈ ਮਿਆਰੀ ਮੈਨੂਅਲ ਅਤੇ ਕੋਡ ਆਫ ਕੰਡਕਟ ਦੀ ਜ਼ਰੂਰਤ ਹੈ। ਮੀਟਿੰਗ ਵਿੱਚ ਚੋਣਾਂ ਲੜਨ ਵਾਲੇ ਉਮੀਦਵਾਰਾਂ ਅਤੇ ਬਹੁ-ਰਾਜ ਸਹਿਕਾਰੀ ਸਭਾਵਾਂ ਲਈ ਕੋਡ ਆਫ ਕੰਡਕਟ ਬਣਾਉਣ, ਚੋਣਾਂ ਲੜਨ ਵਾਲੇ ਉਮੀਦਵਾਰਾਂ ਦੁਆਰਾ ਖਰਚ ਦੀ ਵੱਧ ਤੋਂ ਵੱਧ ਸੀਮਾ ਨਿਰਧਾਰਿਤ ਕਰਨ, ਚੋਣ ਅਧਿਕਾਰੀਆਂ ਲਈ ਹੈਂਡਬੁੱਕ ਪ੍ਰਕਾਸ਼ਿਤ ਕਰਨ, ਮੈਂਬਰ ਸਹਿਕਾਰੀ ਸਭਾਵਾਂ ਦੇ ਪ੍ਰਤੀਨਿਧੀਆਂ ਦੀ ਰਾਸ਼ਟਰੀ ਸਹਿਕਾਰੀ ਸਭਾਵਾਂ ਵਿੱਚ ਚੋਣ ਅਤੇ ਰਾਜ ਤੋਂ ਪ੍ਰਾਪਤ ਹੋਰ ਏਜੰਡਿਆਂ ਬਾਰੇ ਚਰਚਾ ਕੀਤੀ ਗਈ। ਹਿੱਸਾ ਲੈਣ ਵਾਲੀਆਂ ਰਾਜ ਸਹਿਕਾਰੀ ਚੋਣ ਅਥਾਰਟੀਆਂ ਨੇ ਸਹਿਕਾਰੀ ਚੋਣਾਂ ਵਿੱਚ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ ਦੀ ਸ਼ੁਰੂਆਤ ਦੇ ਪ੍ਰਸਤਾਵ ਨੂੰ ਵੀ ਏਜੰਡੇ ਵਿੱਚ ਸ਼ਾਮਲ ਕੀਤਾ।
ਸ਼੍ਰੀ ਦੇਵੇਂਦਰ ਕੁਮਾਰ ਸਿੰਘ ਨੇ ਮੈਂਬਰਾਂ ਦੀ ਸ਼ੇਅਰ ਪੂੰਜੀ, ਉਮੀਦਵਾਰਾਂ ਲਈ ਚੋਣ ਚਿੰਨ੍ਹਾਂ ਅਤੇ ਸਹਿਕਾਰੀ ਚੋਣਾਂ ਵਿੱਚ ਅਮਿੱਟ ਸਿਆਹੀ ਦੀ ਵਰਤੋਂ ਨਾਲ ਸਬੰਧਤ ਮਾਮਲਿਆਂ 'ਤੇ ਵੀ ਚਰਚਾ ਕੀਤੀ ਅਤੇ ਰਾਜਾਂ ਤੋਂ ਸੁਝਾਅ ਮੰਗੇ।
ਸੀਈਏ ਨੇ ਸਹਿਕਾਰੀ ਚੋਣਾਂ ਵਿੱਚ ਸੁਧਾਰ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਹਰ ਤਿੰਨ ਮਹੀਨਿਆਂ ਵਿੱਚ ਸਲਾਹਕਾਰ ਕਮੇਟੀ ਦੀ ਮੀਟਿੰਗ ਕਰਨ ਦਾ ਫੈਸਲਾ ਕੀਤਾ।
ਇਸ ਮੀਟਿੰਗ ਵਿੱਚ ਰਾਜਾਂ ਤੋਂ, ਓਡੀਸ਼ਾ ਦੇ ਰਾਜ ਚੋਣ ਕਮਿਸ਼ਨਰਾਂ (ਸ਼੍ਰੀ ਸ੍ਰੀਕਾਂਤ ਪਰੁਸਤੀ, ਰਾਜ ਸਹਿਕਾਰੀ ਇਲੈਕਸ਼ਨ ਕਮਿਸ਼ਨ), ਬਿਹਾਰ (ਸ਼੍ਰੀ ਗਿਰੀਸ਼ ਸ਼ੰਕਰ, ਬਿਹਾਰ ਰਾਜ ਚੋਣ ਅਥਾਰਟੀ ਅਤੇ ਸ਼੍ਰੀ ਕੁਮਾਰ ਸ਼ਾਂਤਾ ਰਕਸ਼ਿਤ, ਸਲਾਹਕਾਰ, ਬਿਹਾਰ ਰਾਜ ਇਲੈਕਸ਼ਨ ਕਮਿਸ਼ਨ), ਤਾਮਿਲ ਨਾਡੂ (ਤਿਰੂ ਦਯਾਨੰਦ ਕਟਾਰੀਆ, ਕਮਿਸ਼ਨਰ, ਤਾਮਿਲ ਨਾਡੂ ਰਾਜ ਸਹਿਕਾਰੀ ਇਲੈਕਸ਼ਨ ਕਮਿਸ਼ਨ), ਮਹਾਰਾਸ਼ਟਰ (ਸ਼੍ਰੀ ਅਨਿਲ ਮਹਾਦੇਵ ਕਵਾੜੇ, ਰਾਜ ਸਹਿਕਾਰੀ ਇਲੈਕਸ਼ਨ ਅਥਾਰਟੀ, ਮਹਾਰਾਸ਼ਟਰ ਰਾਜ ਅਤੇ ਸ਼੍ਰੀ ਅਸ਼ੋਕ ਗਾਡੇ, ਮਹਾਰਾਸ਼ਟਰ ਰਾਜ ਇਲੈਕਸ਼ਨ ਅਥਾਰਟੀ) ਅਤੇ ਤੇਲੰਗਾਨਾ (ਸ਼੍ਰੀ ਜੀ ਸ਼੍ਰੀਵਿਨਾਸ ਰਾਓ, ਕਮਿਸ਼ਨਰ, ਤੇਲੰਗਾਨਾ ਸਹਿਕਾਰੀ ਇਲੈਕਸ਼ਨ ਅਥਾਰਟੀ) ਦੇ ਭਾਗੀਦਾਰਾਂ ਨੇ ਹਿੱਸਾ ਲਿਆ।


author

Hardeep Kumar

Content Editor

Related News