ਰਾਜ ਸਭਾ ''ਚ ਚੁੱਕਿਆ ਗਿਆ ਸੋਸ਼ਲ ਮੀਡੀਆ ਕਾਰਨ ਨੌਜਵਾਨਾਂ ''ਤੇ ਵਧ ਰਹੇ ਮਾਨਸਿਕ ਸੰਕਟ ਦਾ ਮੁੱਦਾ
Wednesday, Feb 11, 2026 - 04:12 PM (IST)
ਨਵੀਂ ਦਿੱਲੀ : ਰਾਜ ਸਭਾ ਵਿੱਚ ਕਾਂਗਰਸੀ ਸੰਸਦ ਮੈਂਬਰ ਜੇਬੀ ਮਾਥਰ ਹਿਸ਼ਾਮ ਨੇ ਸੋਸ਼ਲ ਮੀਡੀਆ ਕਾਰਨ ਨਾਬਾਲਗਾਂ ਅਤੇ ਨੌਜਵਾਨਾਂ ਵਿੱਚ ਵਧ ਰਹੇ ਮਾਨਸਿਕ ਸਿਹਤ ਸੰਕਟ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨ ਅਸਲੀਅਤ ਅਤੇ ਕਾਲਪਨਿਕ ਸੰਸਾਰ ਵਿਚਕਾਰ ਫਰਕ ਕਰਨ 'ਚ ਵੀ ਅਸਮਰੱਥ ਹੋ ਰਹੇ ਹਨ।
ਸੰਸਦ ਮੈਂਬਰ ਨੇ ਕੇਰਲ ਦੇ ਕੋਚੀ ਨੇੜੇ ਇੱਕ 16 ਸਾਲਾ ਲੜਕੀ ਦੀ ਖ਼ੁਦਕੁਸ਼ੀ ਦਾ ਹਵਾਲਾ ਦਿੱਤਾ, ਜੋ ਇੱਕ ਆਨਲਾਈਨ ਦੋਸਤ ਦੀ ਮੌਤ ਤੋਂ ਬਾਅਦ ਸਦਮੇ ਵਿੱਚ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਗਾਜ਼ੀਆਬਾਦ ਵਿੱਚ 3 ਭੈਣਾਂ ਵੱਲੋਂ ਕੀਤੀ ਗਈ ਕਥਿਤ ਖ਼ੁਦਕੁਸ਼ੀ ਦਾ ਵੀ ਜ਼ਿਕਰ ਕੀਤਾ।
ਉਨ੍ਹਾਂ ਚਿੰਤਾ ਜਤਾਈ ਕਿ ਨੌਜਵਾਨ ਕੋਰੀਅਨ ਕੰਟੈਂਟ, ਆਨਲਾਈਨ ਗੇਮਾਂ ਅਤੇ ਪੌਪ ਸੰਗੀਤ ਦੇ ਪ੍ਰਭਾਵ ਹੇਠ ਇੱਕ ਵਰਚੁਅਲ ਦੁਨੀਆ ਦੀ ਸਿਰਜਣਾ ਕਰ ਰਹੇ ਹਨ, ਜੋ ਉਨ੍ਹਾਂ ਦੇ ਵਿਵਹਾਰ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸੋਸ਼ਲ ਮੀਡੀਆ ਦੀ ਬਹੁਤ ਜ਼ਿਆਦਾ ਵਰਤੋਂ ਕਾਰਨ ਬੱਚਿਆਂ ਵਿੱਚ ਇਕੱਲਾਪਣ, ਅਲੱਗ-ਥਲੱਗ ਹੋਣਾ ਅਤੇ ਸਾਈਬਰ ਬੁਲਿੰਗ ਵਰਗੀਆਂ ਸਮੱਸਿਆਵਾਂ ਵਧ ਰਹੀਆਂ ਹਨ।
ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕਰਦਿਆਂ ਮੰਗ ਕੀਤੀ ਕਿ ਇਸ ਮਾਮਲੇ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ ਅਤੇ ਮਾਨਸਿਕ ਸਿਹਤ ਦੇ ਮੁੱਦਿਆਂ ਨੂੰ ਅਕਾਦਮਿਕ ਪੜ੍ਹਾਈ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ।
