'ਆਪ' ਸਰਕਾਰ ਹਰ ਫਰੰਟ 'ਤੇ ਫੇਲ੍ਹ, ਜੇਲ੍ਹਾਂ ਬਣੀਆਂ 'ਸਟੂਡੀਓ' ਤੇ ਪੰਜਾਬ 'ਚ ਮਾਫੀਆ ਦਾ ਰਾਜ: ਤਰੁਣ ਚੁੱਘ

Friday, Feb 20, 2026 - 05:35 PM (IST)

'ਆਪ' ਸਰਕਾਰ ਹਰ ਫਰੰਟ 'ਤੇ ਫੇਲ੍ਹ, ਜੇਲ੍ਹਾਂ ਬਣੀਆਂ 'ਸਟੂਡੀਓ' ਤੇ ਪੰਜਾਬ 'ਚ ਮਾਫੀਆ ਦਾ ਰਾਜ: ਤਰੁਣ ਚੁੱਘ

ਜਾਲੰਧਰ/ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖੇ ਹਮਲੇ ਕੀਤੇ ਹਨ। ਚੁੱਘ ਨੇ ਪੰਜਾਬ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਅਤੇ ਜੇਲ੍ਹਾਂ ਦੇ ਪ੍ਰਬੰਧਾਂ 'ਤੇ ਗੰਭੀਰ ਸਵਾਲ ਚੁੱਕਦਿਆਂ ਕਿਹਾ ਕਿ ਸੂਬਾ ਸਰਕਾਰ ਹਰ ਫਰੰਟ 'ਤੇ ਫੇਲ੍ਹ ਸਾਬਤ ਹੋਈ ਹੈ।

ਕਪੂਰਥਲਾ ਜੇਲ੍ਹ ਵਿੱਚ ਨਸ਼ੇ ਦੀ ਸਪਲਾਈ ਹੋਣ ਦੀਆਂ ਖਬਰਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਤਰੁਣ ਚੁੱਘ ਨੇ ਕਿਹਾ ਕਿ ਜਿਹੜੀਆਂ ਜੇਲ੍ਹਾਂ ਅਪਰਾਧ ਰੋਕਣ ਲਈ ਬਣੀਆਂ ਸਨ, ਉਹ ਹੁਣ ਅਪਰਾਧੀਆਂ ਲਈ ਦਫ਼ਤਰ ਅਤੇ ਸਟੂਡੀਓ ਬਣ ਗਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਜੇਲ੍ਹਾਂ ਦੇ ਅੰਦਰੋਂ ਕੈਦੀਆਂ ਨੂੰ ਫ਼ੋਨ ਆ ਰਹੇ ਹਨ ਅਤੇ ਉੱਥੇ ਬੈਠ ਕੇ ਇੰਟਰਵਿਊ ਦਿੱਤੇ ਜਾ ਰਹੇ ਹਨ, ਜੋ ਕਿ ਬਹੁਤ ਹੀ ਦੁਖਦ ਅਤੇ ਚਿੰਤਾਜਨਕ ਹੈ।

ਸੂਬੇ ਵਿੱਚ ਹੋ ਹੋ ਰਹੇ ਕਤਲਾਂ ਬਾਰੇ ਬੋਲਦਿਆਂ ਭਾਜਪਾ ਆਗੂ ਨੇ ਕਿਹਾ ਕਿ ਸਰਕਾਰ ਮਾਫੀਆ ਦੇ ਹੱਥਾਂ ਵਿੱਚ ਖੇਡ ਰਹੀ ਹੈ। 'ਆਪ' ਦੇ ਆਪਣੇ ਹੀ ਸਰਪੰਚ ਦੇ ਦਿਨ-ਦਿਹਾੜੇ ਹੋਏ ਕਤਲ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਅੱਜ ਪੂਰਾ ਪੰਜਾਬ ਅਸੁਰੱਖਿਆ ਦੇ ਘੇਰੇ ਵਿੱਚ ਹੈ। ਚੁੱਘ ਅਨੁਸਾਰ ਸੂਬੇ ਵਿੱਚ ਡਰੋਨ ਰਾਹੀਂ ਹਥਿਆਰ ਆ ਰਹੇ ਹਨ ਅਤੇ ਨਸ਼ੇ ਦੀ 'ਹੋਮ ਡਿਲੀਵਰੀ' ਹੋ ਰਹੀ ਹੈ, ਜਿਸ ਕਾਰਨ ਸਰਕਾਰ ਦੇ ਸਾਰੇ ਦਾਅਵੇ ਫੋਕੇ ਸਾਬਤ ਹੋ ਰਹੇ ਹਨ।

ਕਾਂਗਰਸ ਦੀ ਰੈਲੀ 'ਤੇ ਟਿੱਪਣੀ ਕਰਦਿਆਂ ਚੁੱਘ ਨੇ ਕਿਹਾ ਕਿ ਇਹ ਰੈਲੀ 'ਬੈਕਫਾਇਰ' ਹੋ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦੇ ਸਮੇਂ ਮਨਰੇਗਾ ਭ੍ਰਿਸ਼ਟਾਚਾਰ ਅਤੇ ਲੁੱਟ ਦਾ ਅੱਡਾ ਬਣ ਗਈ ਸੀ, ਜਦਕਿ ਮੋਦੀ ਸਰਕਾਰ ਨੇ ਪਿੰਡਾਂ ਦੇ ਵਿਕਾਸ ਲਈ ਕੰਮ ਕੀਤਾ ਹੈ ਅਤੇ ਰੁਜ਼ਗਾਰ ਦੇ ਦਿਨ ਵਧਾ ਕੇ 185 ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਮੁਕਾਬਲੇ ਅੱਜ ਖੇਤੀਬਾੜੀ ਵਿਭਾਗ ਦਾ ਬਜਟ ਵੀ ਕਾਫੀ ਜ਼ਿਆਦਾ ਹੈ।

ਨਵਜੋਤ ਕੌਰ ਸਿੱਧੂ ਦੇ ਬਿਆਨਾਂ ਅਤੇ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ 'ਤੇ ਚੁੱਘ ਨੇ ਕਿਹਾ ਕਿ ਕਾਂਗਰਸੀ ਆਗੂ ਇੱਕ-ਦੂਜੇ 'ਤੇ ਹੀ ਜ਼ਮੀਨਾਂ ਖਰੀਦਣ ਦੇ ਦੋਸ਼ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਦਲਿਤਾਂ ਦਾ ਅਪਮਾਨ ਹੋ ਰਿਹਾ ਹੈ ਅਤੇ ਇਹ ਉਨ੍ਹਾਂ ਦਾ ਅੰਦਰੂਨੀ ਮਾਮਲਾ ਹੈ ਕਿ ਉਨ੍ਹਾਂ ਵਿੱਚੋਂ ਕੌਣ ਸਹੀ ਹੈ ਅਤੇ ਕੌਣ ਗਲਤ।


author

Rakesh

Content Editor

Related News