CBI ਵਿਵਾਦ ''ਤੇ ਸਰਕਾਰ ਨੇ ਝਾੜਿਆ ਪੱਲਾ, ਜੇਤਲੀ ਬੋਲੇ- ਐੱਸ. ਆਈ. ਟੀ. ਕਰੇਗੀ ਮਾਮਲੇ ਦੀ ਜਾਂਚ
Wednesday, Oct 24, 2018 - 01:28 PM (IST)

ਨਵੀਂ ਦਿੱਲੀ— ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀ. ਬੀ. ਆਈ. 'ਚ ਚਲ ਰਿਹਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸੀ. ਬੀ. ਆਈ. ਵਿਵਾਦ 'ਤੇ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਕਾਨੂੰਨੀ ਮੰਤਰੀ ਰਵੀਸ਼ੰਕਰ ਪ੍ਰਸਾਦ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਅਰੁਣ ਜੇਤਲੀ ਨੇ ਕਿਹਾ ਕਿ ਸੀ. ਬੀ. ਆਈ. ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਹੈ ਅਤੇ ਇਸ ਦੀ ਸਾਖ ਬਣੀ ਰਹੇ ਤਾਂ ਬਿਹਤਰ ਹੈ। ਉਨ੍ਹਾਂ ਅੱਗੇ ਕਿਹਾ ਕਿ ਸੀ. ਬੀ. ਆਈ. 'ਚ ਇਕ ਤਣਾਅਪੂਰਨ ਵਾਲੀ ਸਥਿਤੀ ਪੈਦਾ ਹੋ ਗਈ ਹੈ। ਦੋ ਸੀਨੀਅਰ ਡਾਇਰੈਕਟਰਾਂ 'ਤੇ ਸਵਾਲ ਉਠੇ ਹਨ। ਸੀ. ਬੀ. ਆਈ. ਵੀ ਇਸ ਮਾਮਲੇ ਦੀ ਜਾਂਚ ਨਹੀਂ ਕਰ ਸਕਦੀ ਹੈ ਅਤੇ ਨਾ ਹੀ ਸਰਕਾਰ ਇਸ ਦੀ ਜਾਂਚ ਕਰੇਗੀ। ਕੇਂਦਰੀ ਚੌਕਸੀ ਕਮਿਸ਼ਨ ਦੀ ਨਿਗਰਾਨੀ ਵਿਚ ਐੱਸ. ਆਈ. ਟੀ. ਤੋਂ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।
ਜੇਤਲੀ ਨੇ ਕਿਹਾ ਕਿ ਅਸੀਂ ਸੀ. ਬੀ. ਆਈ. ਦੇ ਅਧਿਕਾਰੀਆਂ 'ਚੋਂ ਕਿਸੇ ਨੂੰ ਵੀ ਦੋਸ਼ੀ ਨਹੀਂ ਮੰਨ ਰਹੇ ਹਾਂ। ਕਾਨੂੰਨ ਮੁਤਾਬਕ ਜਦੋਂ ਤਕ ਜਾਂਚ ਪੂਰੀ ਨਹੀਂ ਹੋ ਜਾਂਦੀ, ਇਸ ਲਈ ਅਧਿਕਾਰੀਆਂ ਨੂੰ ਛੁੱਟੀ 'ਤੇ ਭੇਜ ਗਿਆ ਹੈ। ਜੇਕਰ ਜਾਂਚ 'ਚ ਉਹ ਬੇਕਸੂਰ ਸਾਬਤ ਹੁੰਦੇ ਹਨ ਤਾਂ ਉਨ੍ਹਾਂ ਦੀ ਵਾਪਸੀ ਹੋ ਜਾਵੇਗੀ। ਇੱਥੇ ਦੱਸ ਦੇਈਏ ਰਿਸ਼ਵਤ ਕਾਂਡ ਮੁੱਦੇ ਨੂੰ ਲੈ ਕੇ ਸੀ. ਬੀ. ਆਈ. ਦੇ ਸੀਨੀਅਰ ਅਧਿਕਾਰੀਆਂ 'ਚ ਜੰਗ ਚਲ ਰਹੀ ਹੈ, ਜਿਸ ਕਾਰਨ ਏਜੰਸੀ ਦੀ ਕਿਰਕਿਰੀ ਹੋ ਰਹੀ ਹੈ। ਇਸ ਵਿਵਾਦ ਦਰਮਿਆਨ ਕੇਂਦਰ ਨੇ ਸਖਤ ਕਾਰਵਾਈ ਕਰਦੇ ਹੋਏ ਸੀ. ਬੀ. ਆਈ. ਚੀਫ ਆਲੋਕ ਵਰਮਾ ਅਤੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਨੂੰ ਛੁੱਟੀ 'ਤੇ ਭੇਜ ਦਿੱਤਾ ਹੈ। ਇਸ ਹਾਲਾਤ ਵਿਚ ਜੁਆਇੰਟ ਡਾਇਰੈਕਟਰ ਨਾਗੇਸ਼ਵਰ ਰਾਵ ਨੂੰ ਸੀ. ਬੀ. ਆਈ. ਦਾ ਅੰਤਰਿਮ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਨਾਗੇਸ਼ਵਰ ਨੇ ਬੁੱਧਵਾਰ ਦੀ ਸਵੇਰ ਨੂੰ ਹੀ ਆਪਣਾ ਕਾਰਜਭਾਰ ਸੰਭਾਲਿਆ। ਨਾਗੇਸ਼ਵਰ ਨੇ ਅਹੁਦਾ ਸੰਭਾਲਦੇ ਹੀ ਸਖਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
ਜਾਣੋ ਕੀ ਹੈ ਮਾਮਲਾ—
ਦੱਸਣਯੋਗ ਹੈ ਕਿ ਸੀ. ਬੀ. ਆਈ. ਨੇ ਅਸਥਾਨਾ ਅਤੇ ਕਈ ਹੋਰਨਾਂ ਵਿਰੁੱਧ ਮਾਸ ਕਾਰੋਬਾਰੀ ਮੋਈਨ ਕੁਰੈਸ਼ੀ ਤੋਂ ਰਿਸ਼ਵਤ ਲੈਣ ਦੇ ਦੋਸ਼ 'ਚ ਐੱਫ. ਆਈ. ਆਰ. ਦਰਜ ਕਰਵਾਈ ਸੀ। ਕੁਰੈਸ਼ੀ ਮਨੀ ਲਾਂਡਰਿੰਗ ਅਤੇ ਭ੍ਰਿਸ਼ਟਾਚਾਰ ਦੇ ਕਈ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਵਰਮਾ ਅਤੇ ਅਸਥਾਨਾ ਵਿਚਾਲੇ ਵਿਵਾਦ ਹੋ ਡੂੰਘਾ ਹੋ ਗਿਆ ਹੈ। ਇਸ ਸਿਲਸਿਲੇ ਵਿਚ ਸੀ. ਬੀ. ਆਈ. ਨੇ ਆਪਣੇ ਹੀ ਡੀ. ਐੱਸ. ਪੀ. ਦੇਵੇਂਦਰ ਕੁਮਾਰ ਨੂੰ ਗ੍ਰਿਫਤਾਰ ਵੀ ਕੀਤਾ ਹੈ। ਮੰਗਲਵਾਰ ਨੂੰ ਦਿੱਲੀ ਦੀ ਇਕ ਅਦਾਲਤ ਨੇ ਸੀ. ਬੀ. ਆਈ. ਨੂੰ ਦੇਵੇਂਦਰ ਕੁਮਾਰ ਨੂੰ 7 ਦਿਨਾਂ ਤਕ ਹਿਰਾਸਤ ਵਿਚ ਰੱਖ ਕੇ ਪੁੱਛ-ਗਿੱਛ ਕਰਨ ਦੀ ਇਜਾਜ਼ਤ ਦੇ ਦਿੱਤੀ।