INX ਮੀਡੀਆ ਮਾਮਲਾ: ਅੱਜ ਫਿਰ ਚਿਦਾਂਬਰਮ ਦੇ ਘਰ ਪਹੁੰਚੀ ਸੀ. ਬੀ. ਆਈ

08/21/2019 11:27:43 AM

ਨਵੀਂ ਦਿੱਲੀ—ਸੀ. ਬੀ. ਆਈ. ਅੱਜ ਭਾਵ ਬੁੱਧਵਾਰ ਨੂੰ ਇੱਕ ਵਾਰ ਫਿਰ ਤੋਂ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੂੰ ਲੱਭਣ ਲਈ ਉਨ੍ਹਾਂ ਦੇ ਘਰ ਪਹੁੰਚੀ ਪਰ ਉਨ੍ਹਾਂ ਨੂੰ ਖਾਲੀ ਹੱਥ ਵਾਪਸ ਆਉਣਾ ਪਿਆ। ਇਸ ਤੋਂ ਪਹਿਲਾਂ ਸਾਬਕਾ ਵਿੱਤ ਮੰਤਰੀ ਦੀ ਕਾਨੂੰਨੀ ਟੀਮ ਨੇ ਸੀ. ਬੀ. ਆਈ ਨੂੰ ਪੱਤਰ ਲਿਖ ਕੇ ਸੁਪਰੀਮ ਕੋਰਟ 'ਚ ਅੱਜ ਭਾਵ ਬੁੱਧਵਾਰ ਨੂੰ ਉਨ੍ਹਾਂ ਦੀ ਪਟੀਸ਼ਨ 'ਤੇ ਸੁਣਵਾਈ ਤੋਂ ਪਹਿਲਾਂ ਉਨ੍ਹਾਂ ਖਿਲਾਫ ਕਿਸੇ ਪ੍ਰਕਾਰ ਦੀ ਜਬਰਦਸਤੀ ਕਾਰਵਾਈ ਨਾ ਕਰਨ ਦੀ ਅਪੀਲ ਕੀਤੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸੁਪਰੀਮ ਕੋਰਟ 'ਚ ਚਿੰਦਾਂਬਰਮ ਦੀ ਪਟੀਸ਼ਨ 'ਤੇ ਸੁਣਵਾਈ ਤੋਂ ਕੁਝ ਦੇਰ ਪਹਿਲਾਂ ਸੀ. ਬੀ. ਆਈ ਨੇ ਉਨ੍ਹਾਂ ਨੂੰ ਫਿਰ ਲੱਭਣ ਦੀ ਕੋਸ਼ਿਸ਼ ਕੀਤੀ। 

ਆਈ. ਐੱਨ. ਐਕਸ ਮੀਡੀਆ ਮਾਮਲੇ 'ਚ ਦਿੱਲੀ ਹਾਈ ਕੋਰਟ ਤੋਂ ਪੇਸ਼ਗੀ ਜ਼ਮਾਨਤ ਪਟੀਸ਼ਨ ਖਾਰਿਜ ਹੋਣ ਤੋਂ ਬਾਅਦ ਸੀ. ਬੀ. ਆਈ ਆਧਿਕਾਰੀ ਮੰਗਲਵਾਰ ਨੂੰ ਚਿਦਾਂਬਰਮ ਦੇ ਦਿੱਲੀ ਸਥਿਤ ਘਰ ਪਹੁੰਚੇ ਪਰ ਉਨ੍ਹਾਂ ਨਾਲ ਮੁਲਾਕਾਤ ਨਾ ਹੋਣ 'ਤੇ ਅਧਿਕਾਰੀਆਂ ਨੇ ਨੋਟਿਸ ਜਾਰੀ ਕਰ ਉਨ੍ਹਾਂ ਨੂੰ 2 ਘੰਟੇ 'ਚ ਪੇਸ਼ ਹੋਣ ਦਾ ਆਦੇਸ਼ ਦਿੱਤਾ। ਇਸ ਦੇ ਲਈ ਉਨ੍ਹਾਂ ਨੂੰ ਤਲਬ ਕੀਤਾ ਗਿਆ। 

ਚਿਦਾਂਬਰਮ ਦੇ ਵਕੀਲ ਅਰਸ਼ਦੀਪ ਖੁਰਾਨਾ ਨੇ ਕਿਹਾ ਕਿ ਉਨ੍ਹਾਂ ਦੇ ਕਲਾਇੰਟ ਨੂੰ ''ਇਹ ਜਾਣਕਾਰੀ ਮਿਲੀ ਹੈ ਕਿ ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਜਾਂਚ ਅਧਿਕਾਰੀਆਂ ਸਾਹਮਣੇ ਪੇਸ਼ ਹੋਣ।'' ਖੁਰਾਨਾ ਨੇ ਕਿਹਾ ਕਿ ਮੈਨੂੰ ਇਹ ਦੱਸਣ ਨੂੰ ਕਿਹਾ ਗਿਆ ਹੈ ਕਿ ਤੁਹਾਡੇ ਨੋਟਿਸ 'ਚ ਕਾਨੂੰਨ ਦੇ ਉਸ ਪ੍ਰਬੰਧ ਦਾ ਜ਼ਿਕਰ ਨਹੀਂ ਹੈ, ਜਿਸ ਦੇ ਤਹਿਤ ਮੇਰੇ ਕਲਾਇੰਟ ਨੂੰ ਅੱਧੀ ਰਾਤ 2 ਘੰਟਿਆਂ ਦੇ ਇੱਕ 'ਸ਼ਾਰਟ ਨੋਟਿਸ' 'ਤੇ ਪੇਸ਼ ਹੋਣ ਨੂੰ ਕਿਹਾ ਗਿਆ।'' ਇਸ ਤੋਂ ਇਲਾਵਾ ਮੇਰਾ ਕਲਾਇੰਟ ਕਾਨੂੰਨ ਦੁਆਰਾ ਮੁਹੱਈਆ ਕਰਾਏ ਗਏ ਅਧਿਕਾਰਾਂ ਦੀ ਵਰਤੋਂ ਕਰ ਰਿਹਾ ਹੈ ਅਤੇ ਉਨ੍ਹਾਂ ਦੀ ਪੇਸ਼ਗੀ ਜ਼ਮਾਨਤ ਪਟੀਸ਼ਨ ਖਾਰਿਜ ਕੀਤੇ ਜਾਣ ਦੇ ਆਦੇਸ਼ 'ਤੇ ਰਾਹਤ ਪਾਉਣ ਲਈ ਸੁਪਰੀਮ ਕੋਰਟ ਦਾ 20 ਅਗਸਤ 2019 ਨੂੰ ਰੁਖ ਵੀ ਕੀਤਾ ।''


Iqbalkaur

Content Editor

Related News