ਸਾਵਧਾਨ! ਭਿਖਾਰੀ ਨੂੰ ਦਿੱਤੀ ਭੀਖ, ਹੋਵੇਗਾ ਪਰਚਾ ਦਰਜ਼
Tuesday, Dec 17, 2024 - 01:42 PM (IST)
ਇੰਦੌਰ : ਭਿਖਾਰੀਆਂ ਨੂੰ ਭੀਖ ਹੁਣ ਦੇਣਾ ਮਹਿੰਗਾ ਸਾਬਤ ਹੋ ਸਕਦਾ ਹੈ ਅਤੇ ਤੁਹਾਡੇ ਖਿਲਾਫ ਮਾਮਲਾ (ਐੱਫ. ਆਈ. ਆਰ.) ਦਰਜ ਹੋ ਸਕਦਾ ਹੈ। ਦਰਅਸਲ, ਇਹ ਕਦਮ ਇੰਦੌਰ ਨੂੰ ਭਿਖਾਰੀ ਮੁਕਤ ਸ਼ਹਿਰ ਬਣਾਉਣ ਲਈ ਚੁੱਕਿਆ ਗਿਆ ਹੈ। ਨਵੇਂ ਸਾਲ ਦੀ 1 ਜਨਵਰੀ ਤੋਂ, ਇੰਦੌਰ ਦੇ ਅਧਿਕਾਰੀ ਬਾਲਗ ਭਿਖਾਰੀਆਂ ਨੂੰ ਭੀਖ ਦੇਣ ਵਾਲਿਆਂ ਦੇ ਖਿਲਾਫ ਐਫਆਈਆਰ ਦਰਜ ਕਰਨਗੇ। ਬੱਚਿਆਂ ਨੂੰ ਦਾਨ ਦੇਣ ਜਾਂ ਉਨ੍ਹਾਂ ਤੋਂ ਸਾਮਾਨ ਖਰੀਦਣ 'ਤੇ ਪਹਿਲਾਂ ਹੀ ਪਾਬੰਦੀ ਹੈ। ਭੀਖ ਮੰਗਣ ਨੂੰ ਖਤਮ ਕਰਨ ਦੇ ਉਦੇਸ਼ ਨਾਲ ਇੱਕ ਪਾਇਲਟ ਪ੍ਰੋਜੈਕਟ ਲਈ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਵਲੋਂ ਚੁਣੇ ਗਏ 10 ਸ਼ਹਿਰਾਂ ਵਿੱਚੋਂ ਇੰਦੌਰ ਇੱਕ ਹੈ।
'ਭੀਖ ਦੇ ਕੇ ਪਾਪ ਦੇ ਭਾਗੀਦਾਰ ਨਾ ਬਣੋ'
ਪ੍ਰਸ਼ਾਸਨ ਦੇ ਇਕ ਉੱਚ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ 1 ਜਨਵਰੀ ਤੋਂ ਸ਼ਹਿਰ 'ਚ ਭੀਖ ਦੇਣ ਵਾਲੇ ਲੋਕਾਂ ਖਿਲਾਫ ਵੀ ਐੱਫ.ਆਈ.ਆਰ. ਦਰਜ਼ ਕੀਤੀ ਜਾਵੇਗੀ। ਜ਼ਿਲ੍ਹਾ ਮੈਜਿਸਟਰੇਟ ਅਸ਼ੀਸ਼ ਸਿੰਘ ਨੇ ਦੱਸਿਆ, “ਭਿਖਾਰੀਆਂ ਵਿਰੁੱਧ ਸਾਡੀ ਜਾਗਰੂਕਤਾ ਮੁਹਿੰਮ ਇਸ ਮਹੀਨੇ (ਦਸੰਬਰ) ਦੇ ਅੰਤ ਤੱਕ ਸ਼ਹਿਰ ਵਿੱਚ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ 1 ਜਨਵਰੀ ਤੋਂ ਜੇਕਰ ਕੋਈ ਵਿਅਕਤੀ ਭੀਖ ਦਿੰਦੇ ਹੋਏ ਵੇਖਿਆ ਗਿਆ ਤਾਂ ਉਸ ਵਿਰੁੱਧ ਵੀ ਐਫਆਈਆਰ ਦਰਜ ਕੀਤੀ ਜਾਵੇਗੀ। ਸਿੰਘ ਨੇ ਕਿਹਾ, "ਮੈਂ ਇੰਦੌਰ ਦੇ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਭੀਖ ਦੇ ਕੇ ਪਾਪ ਵਿੱਚ ਹਿੱਸੇਦਾਰ ਨਾ ਬਣਨ।"
ਭਿਖਾਰੀਆਂ ਤੋਂ ਛੁਟਕਾਰਾ ਕਦੋਂ?
ਭੀਖ ਮੰਗਣਾ ਅਤੇ ਦੇਣਾ ਦੋਵੇਂ ਹੀ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਮੱਧ ਪ੍ਰਦੇਸ਼ ਵਿੱਚ ਭਿਖਾਰੀਆਂ ਅਤੇ ਖਾਨਾਬਦੋਸ਼ ਲੋਕਾਂ ਗਿਣਤੀ 28695 ਹੈ। ਦੇਸ਼ ਭਰ ਵਿੱਚ ਇਸ ਵੇਲੇ 4 ਲੱਖ 13 ਹਜ਼ਾਰ 670 ਭਿਖਾਰੀ ਹਨ। ਦੇਸ਼ ਭਰ ਵਿੱਚ 21 ਫੀਸਦ ਭਿਖਾਰੀ 12 ਵੀਂ ਪਾਸ ਹਨ। ਭਿਖਾਰੀਆਂ ਵਿੱਚ ਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ ਡਿਪਲੋਮਾ ਧਾਰੀ ਭਿਖਾਰੀ ਵੀ ਸ਼ਾਮਲ ਹਨ। ਪੱਛਮੀ ਬੰਗਾਲ ਵਿੱਚ ਸਭ ਤੋਂ ਵੱਧ 81244 ਭਿਖਾਰੀ ਹਨ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨਿਆਂ ਦੌਰਾਨ ਪ੍ਰਸ਼ਾਸਨ ਨੇ ਵੱਖ-ਵੱਖ ਭੀਖ ਮੰਗਣ ਵਾਲੇ ਗਿਰੋਹਾਂ ਦਾ ਪਰਦਾਫਾਸ਼ ਕੀਤਾ ਹੈ ਅਤੇ ਭੀਖ ਮੰਗਣ ਵਾਲੇ ਕਈ ਲੋਕਾਂ ਦਾ ਮੁੜ ਵਸੇਬਾ ਵੀ ਕੀਤਾ ਹੈ।
ਸੜਕਾਂ 'ਤੇ ਭੀਖ ਮੰਗ, ਹੋਟਲਾਂ 'ਚ ਆਰਾਮ
ਹਾਲ ਹੀ 'ਚ ਇੰਦੌਰ 'ਚ ਹੀ ਇਕ ਅਜਿਹਾ ਗਿਰੋਹ ਫੜਿਆ ਗਿਆ ਸੀ, ਜੋ ਦਿਨ ਭਰ ਸੜਕਾਂ 'ਤੇ ਭੀਖ ਮੰਗਦਾ ਸੀ। ਇਸ ਤੋਂ ਬਾਅਦ ਉਹ ਰਾਤ ਨੂੰ ਹੋਟਲ ਜਾ ਕੇ ਆਰਾਮ ਕਰਦਾ ਸੀ। ਭਵਰਕੁਆਂ ਇਲਾਕੇ 'ਚ 70 ਸਾਲਾ ਔਰਤ ਭਿਖਾਰੀ ਲੋਕਾਂ ਨੂੰ ਵਿਆਜ 'ਤੇ ਪੈਸੇ ਦਿੰਦੀ ਸੀ।
ਇੰਨਾ ਹੀ ਨਹੀਂ ਦਸੰਬਰ ਦੇ ਪਹਿਲੇ ਹਫਤੇ ਦੇਸ਼ ਦੇ ਸਭ ਤੋਂ ਸਾਫ-ਸੁਥਰੇ ਸ਼ਹਿਰ ਇੰਦੌਰ ਨੂੰ ਭਿਖਾਰੀ ਮੁਕਤ ਬਣਾਉਣ ਦੀ ਮੁਹਿੰਮ ਤਹਿਤ ਇਕ ਮਹਿਲਾ ਭਿਖਾਰੀ ਨੂੰ 74 ਲੱਖ 768 ਹਜ਼ਾਰ ਰੁਪਏ ਨਾਲ ਫੜਿਆ ਗਿਆ। ਉਸ ਨੇ ਦੱਸਿਆ ਕਿ ਇਹ ਉਸ ਦੀ ਹਫ਼ਤੇ ਦੀ ਕਮਾਈ ਹੈ। ਇਸ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਕੁਝ ਭਿਖਾਰੀ ਪਲਾਟਾਂ, ਮਕਾਨਾਂ ਅਤੇ ਜ਼ਮੀਨਾਂ ਦੇ ਮਾਲਕ ਹਨ। ਪਰ ਹੁਣ ਉਨ੍ਹਾਂ ਨੂੰ ਦਾਨ ਦੇਣਾ ਤੁਹਾਨੂੰ ਕਾਨੂੰਨੀ ਤੌਰ 'ਤੇ ਭਾਰੀ ਪੈ ਸਕਦਾ ਹੈ।