ਸੇਬੀ ਨੇ ਗੈਰ-ਰਜਿਸਟਰਡ ਆਨਲਾਈਨ ਬਾਂਡ ਮੰਚ ਪ੍ਰੋਵਾਈਡਰਾਂ ਨੂੰ ਲੈ ਕੇ ਨਿਵੇਸ਼ਕਾਂ ਨੂੰ ਕੀਤਾ ਸਾਵਧਾਨ

Wednesday, Nov 19, 2025 - 10:45 PM (IST)

ਸੇਬੀ ਨੇ ਗੈਰ-ਰਜਿਸਟਰਡ ਆਨਲਾਈਨ ਬਾਂਡ ਮੰਚ ਪ੍ਰੋਵਾਈਡਰਾਂ ਨੂੰ ਲੈ ਕੇ ਨਿਵੇਸ਼ਕਾਂ ਨੂੰ ਕੀਤਾ ਸਾਵਧਾਨ

ਨਵੀਂ ਦਿੱਲੀ, (ਭਾਸ਼ਾ)- ਸੇਬੀ ਨੇ ਨਿਵੇਸ਼ਕਾਂ ਨੂੰ ਗੈਰ-ਰਜਿਸਟਰਡ ਆਨਲਾਈਨ ਬਾਂਡ ਮੰਚਾਂ ਨੂੰ ਲੈ ਕੇ ਸਾਵਧਾਨੀ ਵਰਤਣ ਅਤੇ ਲੈਣ-ਦੇਣ ਤੋਂ ਬਚਨ ਦੀ ਅਪੀਲ ਕੀਤੀ। ਪੂੰਜੀ ਬਾਜ਼ਾਰ ਰੈਗੂਲੇਟਰ ਨੇ ਕਿਹਾ ਕਿ ਇਨ੍ਹਾਂ ਮੰਚਾਂ ’ਤੇ ਰੈਗੂਲੇਟਰੀ ਨਿਗਰਾਨੀ ਦੀ ਕਮੀ ਹੈ ਅਤੇ ਨਿਵੇਸ਼ਕਾਂ ਦੀ ਸੁਰੱਖਿਆ ਲਈ ਕੋਈ ਵਿਵਸਥਾ ਨਹੀਂ ਹੈ।

ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਬਿਆਨ ’ਚ ਨਿਵੇਸ਼ਕਾਂ ਨੂੰ ਕਿਹਾ ਕਿ ਉਹ ਲੈਣ-ਦੇਣ ਕਰਨ ਤੋਂ ਪਹਿਲਾਂ ਆਨਲਾਈਨ ਬਾਂਡ ਮੰਚ ਪ੍ਰੋਵਾਈਡਰਾਂ (ਓ. ਬੀ. ਪੀ. ਪੀ.) ਦੀ ਰਜਿਸਟ੍ਰੇਸ਼ਨ ਸਥਿਤੀ ਦੀ ਜਾਂਚ ਕਰ ਲੈਣ ਅਤੇ ਆਪਣੇ ਹਿਤਾਂ ਦੀ ਰੱਖਿਆ ਲਈ ਸਿਰਫ ਸੇਬੀ ਵੱਲੋਂ ਰਜਿਸਟਰਡ ਇਕਾਈਆਂ ਨਾਲ ਹੀ ਲੈਣ-ਦੇਣ ਕਰਨ। ਇਸ ਤੋਂ ਇਲਾਵਾ ਸਾਰੇ ਬਾਜ਼ਾਰ ਹਿੱਸੇਦਾਰਾਂ ਨੂੰ ਓ. ਬੀ. ਪੀ. ਪੀ. ਵਜੋਂ ਕੋਈ ਵੀ ਸੇਵਾ ਦੇਣ ਤੋਂ ਪਹਿਲਾਂ ਲਾਗੂ ਰੈਗੂਲੇਟਰੀ ਢਾਂਚੇ ਦੀ ਪਾਲਣਾ ਯਕੀਨੀ ਬਣਾਉਣ ਲਈ ਚੌਕਸ ਕੀਤਾ ਗਿਆ ਹੈ।

ਇਹ ਕਦਮ ਉਦੋਂ ਉਠਾਇਆ ਗਿਆ, ਜਦੋਂ ਸੇਬੀ ਨੇ ਪਾਇਆ ਕਿ ਵਿੱਤੀ ਤਕਨਾਲੋਜੀ (ਫਿਨਟੈੱਕ) ਕੰਪਨੀਆਂ ਅਤੇ ਸ਼ੇਅਰ ਬ੍ਰੋਕਰਾਂ ਸਮੇਤ ਕੁਝ ਸੰਸਥਾਵਾਂ, ਸ਼ੇਅਰ ਬਾਜ਼ਾਰਾਂ ਤੋਂ ਲਾਜ਼ਮੀ ਰਜਿਸਟ੍ਰੇਸ਼ਨ ਹਾਸਲ ਕੀਤੇ ਬਿਨਾਂ ਆਨਲਾਈਨ ਬਾਂਡ ਮੰਚ ਪ੍ਰੋਵਾਈਡਰਾਂ ਵਜੋਂ ਸੇਵਾਵਾਂ ਮੁਹੱਈਆ ਕਰ ਰਹੀਆਂ ਹਨ।

ਬਿਆਨ ’ਚ ਕਿਹਾ ਗਿਆ, ‘‘ਅਜਿਹੇ ਗੈਰ-ਰਜਿਸਟਰਡ ਮੰਚਾਂ ’ਤੇ ਰੈਗੂਲੇਟਰੀ ਜਾਂ ਸੁਪਰਵਾਈਜ਼ਰੀ ਨਿਗਰਾਨੀ ਦੀ ਘਾਟ ਹੈ ਅਤੇ ਇਹ ਨਿਵੇਸ਼ਕ ਸੁਰੱਖਿਆ ਜਾਂ ਸ਼ਿਕਾਇਤ ਨਿਪਟਾਰੇ ਲਈ ਕੋਈ ਵਿਵਸਥਾ ਪ੍ਰਦਾਨ ਨਹੀਂ ਕਰਦੇ ਹਨ। ਅਜਿਹੇ ਆਨਲਾਈਨ ਮੰਚਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਸਰਗਰਮੀਆਂ ਕੰਪਨੀ ਕਾਨੂੰਨ, 2013, ਸੇਬੀ ਕਾਨੂੰਨ, 1992 ਅਤੇ ਉਸ ਦੇ ਅਨੁਸਾਰ ਬਣਾਏ ਗਏ ਨਿਯਮਾਂ ਦੀ ਉਲੰਘਣਾ ਕਰ ਸਕਦੀਆਂ ਹਨ। ਸੇਬੀ ਨੇ ਇਸ ਤੋਂ ਪਹਿਲਾਂ 18 ਨਵੰਬਰ, 2024 ਨੂੰ ਅਜਿਹੀਆਂ ਕੁਝ ਸੰਸਥਾਵਾਂ ਦੇ ਖਿਲਾਫ ਇਕ ਅੰਤ੍ਰਿਮ ਹੁਕਮ ਜਾਰੀ ਕੀਤਾ ਸੀ।


author

Rakesh

Content Editor

Related News