45 ਲੱਖ ਰੁੁਪਏ ਗਾਇਬ ਹੋਣ ’ਤੇ ਦਿੱਲੀ ਗੁਰਦੁਆਰਾ ਕਮੇਟੀ ਵਿਰੁੱਧ ਮਾਮਲਾ ਦਰਜ

Sunday, Nov 28, 2021 - 02:19 AM (IST)

45 ਲੱਖ ਰੁੁਪਏ ਗਾਇਬ ਹੋਣ ’ਤੇ ਦਿੱਲੀ ਗੁਰਦੁਆਰਾ ਕਮੇਟੀ ਵਿਰੁੱਧ ਮਾਮਲਾ ਦਰਜ

ਨਵੀਂ ਦਿੱਲੀ(ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਜ਼ਾਨੇ ’ਚੋਂ ਕਥਿਤ ਤੌਰ ’ਤੇ 45 ਲੱਖ ਰੁਪਏ ਗਾਇਬ ਹੋਣ ਦੇ ਮਾਮਲੇ ’ਚ ਦਿੱਲੀ ਪੁਲਸ ਨੇ ਆਰਥਿਕ ਗੜਬੜ ਦਾ ਮਾਮਲਾ ਦਰਜ ਕੀਤਾ ਹੈ। ਥਾਣਾ ਨਾਰਥ ਐਵੇਨਿਊ ਵਿਖੇ ਸ਼੍ਰੋਮਣੀ ਅਕਾਲੀ ਦਲ (ਸਰਨਾ) ਨਾਲ ਸਬੰਧਤ ਮੈਂਬਰ ਕਰਤਾਰ ਸਿੰਘ ਚਾਵਲਾ ਦੀ ਸ਼ਿਕਾਇਤ ’ਤੇ ਕੇਸ ਦਰਜ ਹੋਇਆ ਹੈ। ਇਸ ਵਿਚ ਕਿਸੇ ਨੂੰ ਨਾਮਜ਼ਦ ਮੁਲਜ਼ਮ ਨਹੀਂ ਬਣਾਇਆ ਗਿਆ ਪਰ ਧੋਖੇ ਦੀ ਧਾਰਾ ਲਾਈ ਗਈ ਹੈ। ਦਿੱਲੀ ਕਮੇਟੀ ਦੇ ਐਕਟ ਮੁਤਾਬਕ ਦਿੱਲੀ ਕਮੇਟੀ ਦਾ ਸਟਾਫ, ਕਮੇਟੀ ਦੇ ਮੈਂਬਰ ਅਤੇ ਸਭ ਕਮੇਟੀਆਂ ਦੇ ਮੈਂਬਰ ਲੋਕ ਸੇਵਾ ਦੇ ਘੇਰੇ ’ਚ ਆਉਂਦੇ ਹਨ। ਇਸ ਮਾਮਲੇ ’ਚ ਕਮੇਟੀ ਦੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਅਹੁਦੇਦਾਰਾਂ ਵਿਰੁੱਧ ਜਾਂਚ ਹੋ ਸਕਦੀ ਹੈ।

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ਼ਨੀਵਾਰ ਦਾਅਵਾ ਕੀਤਾ ਕਿ ਗ੍ਰਹਿ ਮੰਤਰਾਲਾ ਅਤੇ ਦਿੱਲੀ ਪੁਲਸ ਕਮਿਸ਼ਨਰ ਵੱਲੋਂ ਦਖਲ ਦੇਣ ਪਿੱਛੋਂ ਕੇਸ ਦਰਜ ਕਰ ਲਿਆ ਗਿਆ ਹੈ। ਦਿੱਲੀ ਪੁਲਸ ਦੀ ਵਿਸ਼ੇਸ਼ ਸ਼ਾਖਾ (ਆਰਥਿਕ) ਗੜਬੜ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾਏਗੀ। ਦੋਸ਼ੀ ਪਾਏ ਜਾਣ ’ਤੇ 10 ਸਾਲ ਦੀ ਸਜ਼ਾ ਸੰਭਵ ਹੈ। ਸਰਨਾ ਨੇ ਦਾਅਵਾ ਕੀਤਾ ਕਿ 13 ਨਵੰਬਰ ਨੂੰ ਜਦੋਂ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਕਮੇਟੀ ਦਾ ਰਿਕਾਰਡ ਚੈੱਕ ਕੀਤਾ ਸੀ ਤਾਂ ਰਜਿਸਟਰ ਵਿਚ ਇਕ ਕਰੋੜ 30 ਲੱਖ ਰੁਪਏ ਖਜ਼ਾਨਾ ਵਿਚ ਹੋਣ ਦੀ ਗੱਲ ਕਹੀ ਗਈ ਸੀ। ਜਦੋਂ ਖਜ਼ਾਨੇ ਵਿਚ ਰਜਿਸਟਰ ਦੇ ਹਿਸਾਬ ਨਾਲ ਮਿਲਾਨ ਕੀਤਾ ਗਿਆ ਤਾਂ ਹੈਰਾਨ ਕਰ ਦੇਣ ਵਾਲੇ ਤੱਥ ਸਾਹਮਣੇ ਆਏ। ਇਸ ਿਵਚੋਂ 45 ਲੱਖ ਰੁਪਏ ਗਾਇਬ ਸਨ। ਪੁੱਛਣ ’ਤੇ ਦੱਸਿਆ ਗਿਆ ਕਿ ਪੈਸਾ ਬੈਂਕ ਵਿਚ ਜਮ੍ਹਾ ਕਰਵਾਉਣ ਲਈ ਭੇਜਿਆ ਗਿਆ ਹੈ ਜਦੋਂ ਕਿ ਉਸ ਦਿਨ ਸ਼ਨੀਵਾਰ ਸੀ ਅਤੇ ਕੌਮੀ ਛੁੱਟੀ ਕਾਰਨ ਬੈਂਕ ਬੰਦ ਸਨ। ਇਸ ਤੋਂ ਇਲਾਵਾ ਸਾਢੇ 38 ਲੱਖ ਰੁਪਏ ਦੀ ਪਾਬੰਦੀਸ਼ੁਦਾ ਕਰੰਸੀ ਬਰਾਮਦ ਹੋਈ। ਇਸ ਕਰੰਸੀ ਨੂੰ ਸਰਕਾਰ ਨੇ ਲਗਭਗ 5 ਸਾਲ ਪਹਿਲਾਂ ਬੰਦ ਕਰ ਦਿੱਤਾ ਸੀ। ਇਸ ਪੈਸੇ ਨੂੰ ਮੂਲ ਵਿਚ ਜੋੜਿਆ ਗਿਆ ਸੀ। ਕਾਨੂੰਨੀ ਤੌਰ ’ਤੇ ਕੋਈ ਵੀ ਸੰਸਥਾ ਇਸ ਤਰ੍ਹਾਂ ਦਾ ਪੈਸਾ ਆਪਣੇ ਕੋਲ ਨਹੀਂ ਰੱਖ ਸਕਦੀ।

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਿਸੰਘ ਸਰਨਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਗੁਰਦੁਆਰਾ ਕਮੇਟੀ ਦੇ ਕਾਰਜਵਾਹਕ ਪ੍ਰਬੰਧਨ ’ਤੇ ਲੱਖਾਂ ਰੁਪਏ ਦੀ ਿਵੱਤੀ ਗੜਬੜ ਕਰਨ ਦਾ ਦੋਸ਼ ਲਾਇਆ ਹੈ। ਨਾਲ ਹੀ ਦਾਅਵਾ ਕੀਤਾ ਹੈ ਕਿ ਕਮੇਟੀ ਦੇ ਕਾਰਜਵਾਹਕ ਪ੍ਰਬੰਧਕ ਗੁਰੂ ਦੀ ਗੋਲਕ ਦਾ ਪੂਰਾ ਪੈਸਾ ਕਮੇਟੀ ਵਿਚ ਖਰਚ ਕਰਨ ਦੀ ਬਜਾਏ ਪੰਜਾਬ ਵਿਚ ਆਪਣੀ ਸਿਆਸੀ ਪਾਰਟੀ ਨੂੰ ਚੋਣਾਂ ਵਿਚ ਮਜ਼ਬੂਤ ਕਰਨ ਲਈ ਪਹੁੰਚਾ ਰਹੇ ਹਨ। ਇਸ ਦੀ ਉੱਚ ਪੱਧਰੀ ਜਾਂਚ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਗਈ ਹੈ।

ਚਿੱਠੀ ਵਿਚ ਮੰਗ ਕੀਤੀ ਗਈ ਹੈ ਕਿ ਕਮੇਟੀ ਵਿਚ ਆਰਥਿਕ ਨਿਗਰਾਨੀ ਲਈ ਇਕ ਰਿਸੀਵਰ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਗੁਰੂ ਦੀ ਗੋਲਕ ਨੂੰ ਲੁੱਟਣ ਤੋਂ ਬਚਾਇਆ ਜਾ ਸਕੇ। ਸਰਨਾ ਨੇ ਦਾਅਵਾ ਕੀਤਾ ਕਿ ਕਮੇਟੀ ਨੂੰ ਸੇਵਾ ਦਾ ਵਾਧਾ ਦਿੱਲੀ ਸਰਕਾਰ ਜਾਣਬੁੱਝ ਕੇ ਦੇ ਰਹੀ ਹੈ। ਇਸ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ। ਪਾਰਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਨੇ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ ਜਾਣਬੁੱਝ ਕੇ ਬਹੁਮਤ ਹੋਣ ਦੇ ਬਾਵਜੂਦ ਨਵੀਂ ਕਮੇਟੀ ਦਾ ਗਠਨ ਨਹੀਂ ਕਰ ਰਹੀ।


author

Bharat Thapa

Content Editor

Related News