ਉੱਤਰ ਪ੍ਰਦੇਸ਼ : ਜਬਰੀ ਧਰਮ ਤਬਦੀਲੀ ਦੇ ਦੋਸ਼ ਹੇਠ 7 ਖਿਲਾਫ ਮਾਮਲਾ ਦਰਜ, 3 ਔਰਤਾਂ ਗ੍ਰਿਫਤਾਰ
Thursday, Dec 29, 2022 - 12:07 PM (IST)
ਬਲਰਾਮਪੁਰ (ਭਾਸ਼ਾ)– ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਜ਼ਿਲੇ ਦੇ ਰੇਹਰਾ ਬਾਜ਼ਾਰ ਥਾਣਾ ਖੇਤਰ ਵਿਚ ਇਕ ਔਰਤ ਨੇ ਇਕ ਭਾਈਚਾਰੇ ਵਿਸ਼ੇਸ਼ ਦੀਆਂ 3 ਔਰਤਾਂ ਸਮੇਤ 7 ਲੋਕਾਂ ਖਿਲਾਫ ਜਬਰੀ ਧਰਮ ਤਬਦੀਲੀ ਕਰਵਾਉਣ ਅਤੇ ਇਕ ਧਾਰਮਿਕ ਸਥਾਨ ਨੂੰ ਅਪਵਿੱਤਰ ਕਰਨ ਦਾ ਦੋਸ਼ ਲਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਤਿੰਨੋਂ ਦੋਸ਼ੀ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਮੁਤਾਬਕ ਇਕ ਔਰਤ ਨੇ ਸੋਮਵਾਰ ਨੂੰ 7 ਲੋਕਾਂ ਖਿਲਾਫ ਉੱਤਰ ਪ੍ਰਦੇਸ਼ ਧਰਮ ਤਬਦੀਲੀ ਮਨਾਹੀ ਐਕਟ-2021 ਦੀ ਸ਼ਾਂਤੀ ਭੰਗ ਕਰਨ ਅਤੇ ਅਪਰਾਧਿਕ ਧਮਕੀ ਦੇਣ ਸਮੇਤ ਹੋਰ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਇਆ ਹੈ, ਜਿਨ੍ਹਾਂ ਵਿਚੋਂ 3 ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕਾਨੂੰਨ ਵਿਰੁੱਧ ਧਰਮ ਤਬਦੀਲੀ ਰੋਕੂ ਐਕਟ-2021 ਮੁਤਾਬਕ ਉੱਤਰ ਪ੍ਰਦੇਸ਼ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਧਰਮ ਤਬਦੀਲੀ ਕਰਵਾਉਣ ਦੇ ਮਾਮਲੇ ਵਿਚ ਸਖਤ ਸਜ਼ਾ ਦੀ ਵਿਵਸਥਾ ਹੈ। ਔਰਤਾਂ ਅਤੇ ਅਨੁਸੂਚਿਤ ਜਾਤੀ-ਜਨਜਾਤੀ ਦੇ ਲੋਕਾਂ ਦਾ ਨਾਜਾਇਜ਼ ਰੂਪ ਨਾਲ ਧਰਮ ਤਬਦੀਲੀ ਕਰਵਾਉਣ ’ਤੇ 2 ਸਾਲ ਤੋਂ 10 ਸਾਲ ਤੱਕ ਦੀ ਜੇਲ ਹੋ ਸਕਦੀ ਹੈ।