ਧਨ ਦੇ ਹੇਰ-ਫੇਰ ਮਾਮਲੇ ਵਿਚ ED ਨੇ ਹੈਦਰਾਬਾਦ ''ਚੋਂ ਜ਼ਬਤ ਕੀਤਾ 82 ਕਰੋੜ ਦਾ ਸੋਨਾ

Thursday, Apr 18, 2019 - 04:53 PM (IST)

ਨਵੀਂ ਦਿੱਲੀ — ਇਨਫੋਰਸਮੈਂਟ ਡਾਇਰੈਕਟੋਰੇਟ ਨੇ ਨੋਟਬੰਦੀ ਦੇ ਬਾਅਦ ਧਨ ਦੇ ਹੇਰ-ਫੇਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਹੈਦਰਾਬਾਦ ਦੇ ਇਕ ਗਹਿਣਾ ਕਾਰੋਬਾਰੀ ਅਤੇ ਉਸਦੇ ਸਹਿਯੋਗੀਆਂ ਦੇ ਕੰਪਲੈਕਸ ਵਿਚ ਛਾਪੇਮਾਰੀ ਕਰਕੇ 82 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰੀਬ 146 ਕਿਲੋਗ੍ਰਾਮ ਦਾ ਸੋਨਾ ਜ਼ਬਤ ਕੀਤਾ ਹੈ। ਈ.ਡੀ. ਨੇ ਵੀਰਵਾਰ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ। 

ED ਨੇ ਦੱਸਿਆ ਕਿ ਹੈਦਰਾਬਾਦ ਅਤੇ ਵਿਜੇਵਾੜਾ 'ਚ ਮੁਸੱਦੀਲਾਲ ਜਿਊਲਰਸ ਦੇ ਸ਼ੋਅਰੂਮ, ਉਸਦੇ ਪ੍ਰਮੋਟਰ ਕੈਲਾਸ਼ ਗੁਪਤਾ, ਬਾਲਾਜੀ ਗੋਲਡ ਨਾਮਕ ਕੰਪਨੀ ਅਤੇ ਉਸ ਦੇ ਸਾਂਝੇਦਾਰ ਪਵਨ ਅਗਰਵਾਲ, ਇਕ ਹੋਰ ਕੰਪਨੀ ਆਸਥਾ ਲਕਸ਼ਮੀ ਗੋਲਡ ਅਤੇ ਇਸਦੇ ਪ੍ਰਮੋਟਰ ਨੀਲ ਸੁੰਦਰ ਥਰਾਡ ਅਤੇ ਚਾਰਟਰਡ ਅਕਾਊਂਟੈਂਟ ਸੰਜੇ ਸਾਰਦਾ ਦੇ ਕੰਪਲੈਕਸ 'ਤੇ ਪਿਛਲੇ ਕੁਝ ਦਿਨਾਂ 'ਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ 82.11 ਕਰੋੜ ਰੁਪਏ ਮੁੱਲ ਦਾ 145.89 ਕਿਲੋਗ੍ਰਾਮ  ਸੋਨਾ ਜ਼ਬਤ ਕੀਤਾ ਗਿਆ। 00 ਨੇ ਇਨ੍ਹਾਂ ਲੋਕਾਂ ਖਿਲਾਫ ਤੇਲੰਗਾਨਾ ਪੁਲਸ ਦੀ ਐਫ.ਆਈ.ਆਰ. ਅਤੇ ਆਮਦਨ ਟੈਕਸ ਵਿਭਾਗ ਦੀ ਸ਼ਿਕਾਇਤ ਦੇ ਆਧਾਰ 'ਤੇ ਅਪਰਾਧਿਕ ਮਾਮਲਾ ਦਰਜ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਲੋਕਾਂ ਨੇ ਨੋਟਬੰਦੀ ਦਾ ਜ਼ੋਰਦਾਰ ਤਰੀਕੇ ਨਾਲ ਲਾਭ ਲੈਂਦੇ ਹੋਏ ਬਿਨਾਂ ਹਿਸਾਬ ਕਿਤਾਬ ਵਾਲੀ ਮੋਟੀ ਰਾਸ਼ੀ ਨੂੰ ਗੈਰਕਾਨੂੰਨੀ ਢੰਗ ਨਾਲ ਆਪਣੇ ਖਾਤੇ ਵਿਚ ਜਮ੍ਹਾ ਕਰਵਾਇਆ। ਏਜੰਸੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਇਸ ਕੰਮ ਲਈ ਦੋਸ਼ੀਆਂ ਨੇ ਧੋਖਾਧੜੀ ਕਰਦੇ ਹੋਏ 5,200 ਦੇ ਕਰੀਬ ਵਿਕਰੀ ਰਸੀਦਾਂ ਤਿਆਰ ਕੀਤੀਆਂ ਗਈਆਂ। ਇਨ੍ਹਾਂ 'ਤੇ 8 ਨਵੰਬਰ 2016 ਦੀ ਤਾਰੀਖ ਪਾਈ ਗਈ ਅਤੇ ਪੈਨ ਦਾ ਜ਼ਿਕਰ ਕਰਨ ਤੋਂ ਬਚਣ ਲਈ ਇਸ ਨੂੰ 2 ਲੱਖ ਤੋਂ ਘੱਟ ਦੀ ਰਾਸ਼ੀ ਬਣਾਇਆ ਗਿਆ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ 2016 ਨੂੰ ਦੇਰ ਸ਼ਾਮ ਉਸ ਸਮੇਂ ਅਰਥਵਿਵਸਥਾ ਵਿਚੋਂ 500 ਅਤੇ 1,000 ਦੇ ਨੋਟਾਂ ਨੂੰ ਬੰਦ ਕਰ ਦਿੱਤਾ ਸੀ। 


Related News