17 ਫਰਵਰੀ ਨੂੰ ਭਾਰਤ ਆਉਣਗੇ ਕੈਨੇਡਾ ਦੇ ਪੀ.ਐਮ. ਟਰੂਡੋ

01/22/2018 7:25:49 PM

ਨਵੀਂ ਦਿੱਲੀ/ਕੈਨੇਡਾ (ਏਜੰਸੀ)— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਗਲੇ ਮਹੀਨੇ ਇਕ ਹਫਤੇ ਲਈ ਭਾਰਤ ਦੌਰੇ ’ਤੇ ਆ ਰਹੇ ਹਨ। ਟਰੂਡੋ ਇਥੇ 17 ਤੋਂ 23 ਫਰਵਰੀ ਤੱਕ ਰਹਿਣਗੇ। ਵਿਦੇਸ਼ ਮੰਤਰਾਲੇ ਦੇ ਪ੍ਰੈਸ ਸਟੇਟਮੈਂਟ ਮੁਤਾਬਕ ਇਹ ਦੌਰਾ ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਹੋਰ ਬਿਹਤਰ ਬਣਾਉਣ ਲਈ ਮਹੱਤਵਪੂਰਨ ਹੈ। ਵਿਦੇਸ਼ ਮੰਤਰਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਟਰੂਡੋ ਦੇ ਭਾਰਤ ਦੌਰੇ ਵਿਚ ਵਪਾਰ, ਇਨਵੈਸਟਮੈਂਟ, ਊਰਜਾ, ਵਿਗਿਆਨ ਅਤੇ ਆਵਿਸ਼ਕਾਰ, ਉੱਚ ਸਿੱਖਿਆ, ਇੰਫਾਸਟਰੱਕਚਰ ਡਿਵੈਲਪਮੈਂਟ ਅਤੇ ਸਕਿਲ ਡਿਵੈਲਪਮੈਂਟ ’ਤੇ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਹੋਵੇਗੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੈਨੇਡਾ ਵਿਚ ਵੱਡੀ ਗਿਣਤੀ ਵਿਚ ਭਾਰਤੀ ਆਬਾਦੀ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਹੱਤਵਪੂਰਨ ਬਣਾਉਂਦੀ ਹੈ।

ਤੁਹਾਨੂੰ ਦੱਸ ਦਈਏ ਕਿ ਟਰੂਡੋ ਭਾਰਤ ਦੌਰੇ ਤੋਂ ਪਹਿਲਾਂ ਅਮਰੀਕਾ ਦੀ ਫੇਰੀ ਵੀ ਲਗਾਉਣਗੇ। ਉਹ 7 ਤੋਂ 10 ਫਰਵਰੀ 2018 ਨੂੰ ਅਮਰੀਕਾ ਦੌਰੇ 'ਤੇ ਵੀ ਜਾ ਰਹੇ ਹਨ। ਉਹ ਆਪਣੀ ਯਾਤਰਾ ਦੌਰਾਨ ਅਮਰੀਕਾ ਦੇ ਲਾਸ ਏਂਜਲਸ, ਸਾਨ ਫਰਾਂਸਿਸਕੋ ਅਤੇ ਸ਼ਿਕਾਗੋ ਜਾਣਗੇ। ਇਸ ਯਾਤਰਾ ਦੌਰਾਨ ਉਹ ਅਮਰੀਕਾ ਅਤੇ ਕੈਨੇਡਾ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰਨਗੇ।


Related News