ਬੀਰਭੂਮ ਹਿੰਸਾ ਮਾਮਲਾ: ਕਲਕੱਤਾ ਹਾਈ ਕੋਰਟ ਨੇ ਮਮਤਾ ਸਰਕਾਰ ਕੋਲੋਂ 24 ਘੰਟਿਆਂ ’ਚ ਮੰਗੀ ਰਿਪੋਰਟ

Thursday, Mar 24, 2022 - 10:55 AM (IST)

ਬੀਰਭੂਮ ਹਿੰਸਾ ਮਾਮਲਾ: ਕਲਕੱਤਾ ਹਾਈ ਕੋਰਟ ਨੇ ਮਮਤਾ ਸਰਕਾਰ ਕੋਲੋਂ 24 ਘੰਟਿਆਂ ’ਚ ਮੰਗੀ ਰਿਪੋਰਟ

ਕੋਲਕਾਤਾ/ਨਵੀਂ ਦਿੱਲੀ– ਕਲਕੱਤਾ ਹਾਈ ਕੋਰਟ ਨੇ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲੇ ਵਿਚ ਹੋਈ ਹਿੰਸਾ ਦਾ ਬੁੱਧਵਾਰ ਨੂੰ ਨੋਟਿਸ ਲਿਆ। ਅਦਾਲਤ ਨੇ ਇਸ ਮਾਮਲੇ ਵਿਚ ਮਮਤਾ ਸਰਕਾਰ ਕੋਲੋਂ 24 ਘੰਟਿਆਂ ਵਿਚ ਰਿਪੋਰਟ ਮੰਗੀ ਹੈ। ਮੁੱਖ ਜੱਜ ਪ੍ਰਕਾਸ਼ ਸ਼੍ਰੀਵਾਸਤਵ ਅਤੇ ਜਸਟਿਸ ਰਾਜਰਿਸ਼ੀ ਭਾਰਦਵਾਜ ਦੀ ਬੈਂਚ ਇਸ ਮਾਮਲੇ ’ਤੇ ਦੁਪਹਿਰ 2 ਵਜੇ ਸੁਣਵਾਈ ਕਰੇਗੀ। ਬੀਰਭੂਮ ਜ਼ਿਲੇ ਦੇ ਰਾਮਪੁਰਹਾਟ ਕਸਬੇ ਨੇੜੇ ਬੋਗਤੁਈ ਪਿੰਡ ਵਿਚ ਮੰਗਲਵਾਰ ਨੂੰ ਤੜਕੇ ਘਰਾਂ ਵਿਚ ਅੱਗ ਲਾਏ ਜਾਣ ਨਾਲ 8 ਲੋਕਾਂ ਦੀ ਝੁਲਸ ਕੇ ਮੌਤ ਹੋ ਗਈ ਸੀ।

ਅਦਾਲਤ ਨੇ ਘਟਨਾ ਦੀ ਫਾਰੈਂਸਿਕ ਜਾਂਚ ਲਈ ਦਿੱਲੀ ਦੀ ਸੈਂਟਰਲ ਫਾਰੈਂਸਿਕ ਸਾਇੰਸ ਲੈਬੋਰੇਟਰੀ (ਸੀ. ਐੱਫ. ਐੱਸ. ਐੱਲ.) ਨੂੰ ਘਟਨਾ ਵਾਲੀ ਜਗ੍ਹਾ ਤੋਂ ਜ਼ਰੂਰੀ ਨਮੂਨੇ ਇਕੱਠੇ ਕਰਨ ਦਾ ਹੁਕਮ ਦਿੱਤਾ। ਅਦਾਲਤ ਨੇ ਸੂਬੇ ਦੇ ਆਈ. ਜੀ. ਪੀ. ਨੂੰ ਪੂਰਬੀ ਬਰਧਮਾਨ ਦੇ ਜ਼ਿਲਾ ਜੱਜ ਨਾਲ ਸਲਾਹ ਕਰ ਕੇ ਗਵਾਹਾਂ ਅਤੇ ਅੱਗਜ਼ਨੀ ਵਿਚ ਜ਼ਖਮੀ ਨਾਬਾਲਿਗ ਲੜਕੇ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਵੀ ਨਿਰਦੇਸ਼ ਦਿੱਤਾ।

ਮੰਨਿਆ ਜਾ ਰਿਹਾ ਹੈ ਕਿ ਇਹ ਘਟਨਾ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੇ ਪੰਚਾਇਤ ਅਧਿਕਾਰੀ ਦੀ ਹੱਤਿਆ ਦੇ ਬਦਲੇ ਦੇ ਰੂਪ ਵਿਚ ਵਾਪਰੀ ਸੀ। ਇਸ ਮਾਮਲੇ ਵਿਚ ਹੁਣ ਤੱਕ 22 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਥੇ ਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ, ਭਾਵੇਂ ਉਹ ਕਿਸੇ ਵੀ ਸਿਆਸੀ ਪਾਰਟੀ ਨਾਲ ਸੰਬੰਧਤ ਹੋਣ। ਓਧਰ ਭਾਜਪਾ ਦੇ ਸੰਸਦ ਮੈਂਬਰ ਸੁਕਾਂਤ ਮਜੂਮਦਾਰ ਨੇ ਸੰਸਦ ਵਿਚ ਇਹ ਮੁੱਦਾ ਉਠਾਇਆ ਅਤੇ ਕੇਂਦਰ ਸਰਕਾਰ ਨੂੰ ਦਖਲ ਦੇਣ ਦੀ ਮੰਗ ਕੀਤੀ।

ਧਨਖੜ ਨੇ ਫਿਰ ਮਮਤਾ ’ਤੇ ਲਾਇਆ ਨਿਸ਼ਾਨਾ
ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਮਾਮਲੇ ਨੂੰ ਲੈ ਕੇ ਬੁੱਧਵਾਰ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਨਵੇਂ ਸਿਰੇ ਤੋਂ ਨਿਸ਼ਾਨਾ ਲਾਉਂਦੇ ਹੋਏ ਦਾਅਵਾ ਕੀਤਾ ਕਿ ਸੂਬਾ ਸਰਕਾਰ ਵਲੋਂ ਕੀਤੀ ਗਈ ਕਾਰਵਾਈ ਸਿਆਸਤ ਤੋਂ ਪ੍ਰਭਾਵਿਤ ਹੈ ਅਤੇ ਦੋਸ਼ੀਆਂ ਨੂੰ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਰਾਜਪਾਲ ਨੇ ਮਮਤਾ ਨੂੰ ਇਕ ਚਿੱਠੀ ਲਿਖ ਕੇ ਇਹ ਗੱਲ ਕਹੀ।

ਉਮੀਦ ਹੈ ਮਮਤਾ ਸਰਕਾਰ ਦੋਸ਼ੀਆਂ ਨੂੰ ਜ਼ਰੂਰ ਸਜ਼ਾ ਦਿਵਾਏਗੀ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਰਭੂਮ ਵਿਚ ਹੋਈ ਹਿੰਸਾ ’ਤੇ ਦੁੱਖ ਪ੍ਰਗਟ ਕੀਤਾ ਅਤੇ ਉਮੀਦ ਪ੍ਰਗਟਾਈ ਕਿ ਮਮਤਾ ਸਰਕਾਰ ਦੋਸ਼ੀਆਂ ਨੂੰ ਜ਼ਰੂਰ ਸਜ਼ਾ ਦਿਵਾਏਗੀ। ਕੋਲਕਾਤਾ ਸਥਿਤ ਵਿਕਟੋਰੀਆ ਮੈਮੋਰੀਅਲ ਵਿਚ ਨਵੀਂ ਬਣੀ ਵਿਪਲਵੀ ਭਾਰਤ ਗੈਲਰੀ ਦਾ ਉਦਘਾਟਨ ਕਰਨ ਤੋਂ ਬਾਅਦ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨੇ ਸੂਬਾ ਸਰਕਾਰ ਨੂੰ ਆਸਵੰਦ ਕੀਤਾ ਕਿ ਅਪਰਾਧੀਆਂ ਨੂੰ ਛੇਤੀ ਤੋਂ ਛੇਤੀ ਸਜ਼ਾ ਦਿਵਾਉਣ ਵਿਚ ਜੋ ਵੀ ਮਦਦ ਉਹ ਚਾਹੇਗੀ, ਕੇਂਦਰ ਸਰਕਾਰ ਉਸ ਨੂੰ ਮੁਹੱਈਆ ਕਰਵਾਏਗੀ।


author

Rakesh

Content Editor

Related News