ਕਲਕੱਤਾ ਹਾਈ ਕੋਰਟ ਵੱਲੋਂ TMC ਦੀ ਪਟੀਸ਼ਨ ਖਾਰਜ: ED ਦਾ ਦਾਅਵਾ- ''ਮਮਤਾ ਬੈਨਰਜੀ ਖੁਦ ਲੈ ਗਈ ਫਾਈਲਾਂ''
Wednesday, Jan 14, 2026 - 05:17 PM (IST)
ਕਲਕੱਤਾ- ਕਲਕੱਤਾ ਹਾਈ ਕੋਰਟ ਨੇ ਬੁੱਧਵਾਰ ਨੂੰ ਆਈ-ਪੈਕ (I-PAC) ਰੇਡ ਮਾਮਲੇ 'ਚ ਤ੍ਰਿਣਮੂਲ ਕਾਂਗਰਸ (TMC) ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਇਸ ਮਾਮਲੇ ਦੀ ਸੁਣਵਾਈ ਦੌਰਾਨ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਅਦਾਲਤ 'ਚ ਇਕ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਏਜੰਸੀ ਨੇ ਛਾਪੇਮਾਰੀ ਦੌਰਾਨ ਕੁਝ ਵੀ ਜ਼ਬਤ ਨਹੀਂ ਕੀਤਾ, ਸਗੋਂ ਮੁੱਖ ਮੰਤਰੀ ਮਮਤਾ ਬੈਨਰਜੀ ਖੁਦ ਗੈਰ-ਕਾਨੂੰਨੀ ਤਰੀਕੇ ਨਾਲ ਫਾਈਲਾਂ ਆਪਣੇ ਨਾਲ ਲੈ ਗਈ ਸੀ।
ਕੀ ਹੈ ਪੂਰਾ ਮਾਮਲਾ?
ਟੀਐੱਮਸੀ ਨੇ ਅਦਾਲਤ 'ਚ ਦੋਸ਼ ਲਾਇਆ ਸੀ ਕਿ 8 ਜਨਵਰੀ ਨੂੰ ED ਨੇ I-PAC ਦੇ ਆਈਟੀ ਹੈੱਡ ਪ੍ਰਤੀਕ ਜੈਨ ਦੇ ਦਫ਼ਤਰ 'ਤੇ ਛਾਪਾ ਮਾਰ ਕੇ ਕੁਝ ਅਹਿਮ ਦਸਤਾਵੇਜ਼ ਜ਼ਬਤ ਕੀਤੇ ਸਨ। ਹਾਲਾਂਕਿ, ED ਵੱਲੋਂ ਪੇਸ਼ ਹੋਏ ਏਐੱਸਜੀ ਰਾਜੂ ਨੇ ਅਦਾਲਤ 'ਚ ਰਿਕਾਰਡ 'ਤੇ ਕਿਹਾ ਕਿ ਏਜੰਸੀ ਨੇ ਪਾਰਟੀ ਦਫ਼ਤਰ ਤੋਂ ਕੁਝ ਵੀ ਜ਼ਬਤ ਨਹੀਂ ਕੀਤਾ ਹੈ। ਅਦਾਲਤ ਨੇ ਆਪਣੇ ਫੈਸਲੇ 'ਚ ਕਿਹਾ ਕਿ ਜਦੋਂ ED ਨੇ ਕੁਝ ਜ਼ਬਤ ਹੀ ਨਹੀਂ ਕੀਤਾ, ਤਾਂ ਇਸ ਮਾਮਲੇ 'ਚ ਸੁਣਵਾਈ ਲਈ ਕੁਝ ਬਾਕੀ ਨਹੀਂ ਬਚਦਾ।
ਮਮਤਾ ਬੈਨਰਜੀ 'ਤੇ ਲੱਗੇ ਗੰਭੀਰ ਦੋਸ਼
ਸੁਣਵਾਈ ਦੌਰਾਨ ED ਦੇ ਵਕੀਲ ਨੇ ਦਾਅਵਾ ਕੀਤਾ ਕਿ ਜੇਕਰ ਕੋਈ ਰਿਕਾਰਡ ਗਾਇਬ ਹੋਇਆ ਹੈ, ਤਾਂ ਉਹ ਮਮਤਾ ਬੈਨਰਜੀ ਲੈ ਕੇ ਗਈ ਹੈ। ਦੱਸਿਆ ਗਿਆ ਕਿ 8 ਜਨਵਰੀ ਨੂੰ ਛਾਪੇਮਾਰੀ ਦੇ ਦੌਰਾਨ ਮਮਤਾ ਬੈਨਰਜੀ ਪ੍ਰਤੀਕ ਜੈਨ ਦੇ ਘਰ ਪਹੁੰਚੀ ਸੀ ਅਤੇ ਜਦੋਂ ਉਹ ਉੱਥੋਂ ਬਾਹਰ ਨਿਕਲੀ ਤਾਂ ਉਸਦੇ ਹੱਥ 'ਚ ਇਕ ਹਰੀ ਫਾਈਲ ਸੀ। ED ਨੇ ਸਵਾਲ ਉਠਾਇਆ ਕਿ ਮਮਤਾ ਬੈਨਰਜੀ ਨੇ ਆਪਣੀ ਪਾਰਟੀ ਨੂੰ ਪਟੀਸ਼ਨਰ ਬਣਾਇਆ ਹੈ, ਪਰ ਇਹ ਸਪੱਸ਼ਟ ਨਹੀਂ ਹੈ ਕਿ ਉਸ ਨੂੰ ਇਹ ਅਧਿਕਾਰ ਕਿਸ ਨੇ ਦਿੱਤਾ।
TMC ਦੀ ਦਲੀਲ
ਟੀਐੱਮਸੀ ਦੇ ਵਕੀਲ ਗੁਰੂਸਵਾਮੀ ਨੇ ਅਦਾਲਤ 'ਚ ਕਿਹਾ ਕਿ ਪਾਰਟੀ ਦਾ 6 ਸਾਲ ਪੁਰਾਣਾ ਸਿਆਸੀ ਡਾਟਾ ਸੁਰੱਖਿਅਤ ਰਹਿਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੂਬਾਈ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਸਿਆਸੀ ਸਲਾਹਕਾਰ ਦੇ ਦਫ਼ਤਰ 'ਤੇ ਛਾਪਾ ਮਾਰਨਾ ਸ਼ੱਕ ਪੈਦਾ ਕਰਦਾ ਹੈ ਅਤੇ ਇਹ ਕਿਸੇ ਸਿਆਸੀ ਪਾਰਟੀ ਨੂੰ ਡਰਾਉਣ ਦੀ ਕੋਸ਼ਿਸ਼ ਹੈ। ਹਾਈ ਕੋਰਟ ਨੇ ED ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਫਿਲਹਾਲ ਮੁਲਤਵੀ ਕਰ ਦਿੱਤੀ ਹੈ, ਕਿਉਂਕਿ ਇਸ ਮਾਮਲੇ 'ਤੇ ਸੁਪਰੀਮ ਕੋਰਟ 'ਚ ਪਹਿਲਾਂ ਹੀ ਪਟੀਸ਼ਨ ਲਗਾਈ ਗਈ ਹੈ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹੀ ਅਗਲੀ ਸੁਣਵਾਈ ਹੋਵੇਗੀ। ਦੂਜੇ ਪਾਸੇ, ਮਮਤਾ ਬੈਨਰਜੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਕੇਂਦਰੀ ਗ੍ਰਹਿ ਮੰਤਰੀ ਦੇ ਖ਼ਿਲਾਫ਼ ਸਬੂਤ ਵਜੋਂ ਪੈਨ ਡਰਾਈਵ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
