ED ਦੇ ਸ਼ਿਕੰਜੇ 'ਚ ਫਸਿਆ ਮਸ਼ਹੂਰ ਅਦਾਕਾਰ, ਮਲਿਆਲਮ ਫ਼ਿਲਮ ਇੰਡਸਟਰੀ 'ਚ ਮਚੀ ਤੜਥੱਲੀ
Thursday, Feb 19, 2026 - 09:53 AM (IST)
ਕੋਚੀ (ਏਜੰਸੀ)- ਮਲਿਆਲਮ ਫਿਲਮਾਂ ਦੇ ਮਸ਼ਹੂਰ ਅਦਾਕਾਰ ਜੈਸੂਰਿਆ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੱਡੀ ਕਾਰਵਾਈ ਕਰਦਿਆਂ ਅਦਾਕਾਰ ਦੀ 39 ਲੱਖ ਰੁਪਏ ਦੀ ਅਚੱਲ ਜਾਇਦਾਦ ਜ਼ਬਤ ਕਰ ਲਈ ਹੈ। ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ।

ਕੀ ਹੈ ਪੂਰਾ ਮਾਮਲਾ?
ਜਾਣਕਾਰੀ ਮੁਤਾਬਕ ਇਹ ਮਾਮਲਾ 'ਸੇਵ ਬਾਕਸ' (Save Box) ਨਾਮਕ ਇੱਕ ਆਨਲਾਈਨ ਬੋਲੀ (Online Bidding) ਐਪਲੀਕੇਸ਼ਨ ਰਾਹੀਂ ਲੋਕਾਂ ਨਾਲ ਹੋਈ ਕਥਿਤ ਠੱਗੀ ਨਾਲ ਜੁੜਿਆ ਹੋਇਆ ਹੈ। ਦੋਸ਼ ਹੈ ਕਿ ਸਵਾਤੀ ਰਹੀਮ ਨਾਮ ਦੇ ਵਿਅਕਤੀ ਨੇ ਇਸ ਨਿਵੇਸ਼ ਯੋਜਨਾ ਰਾਹੀਂ ਕਈ ਲੋਕਾਂ ਨੂੰ ਚੂਨਾ ਲਗਾਇਆ ਸੀ। ਜੈਸੂਰਿਆ ਇਸ ਸਕੀਮ ਦੇ 'ਬ੍ਰਾਂਡ ਅੰਬੈਸਡਰ' ਸਨ ਅਤੇ ਇਸੇ ਕੰਮ ਲਈ ਉਨ੍ਹਾਂ ਨੂੰ ਮੋਟੀ ਰਕਮ ਅਦਾ ਕੀਤੀ ਗਈ ਸੀ।
ED ਨੇ ਇਸ ਮਾਮਲੇ ਵਿੱਚ ਦਸੰਬਰ 2025 ਵਿੱਚ ਅਦਾਕਾਰ ਅਤੇ ਉਨ੍ਹਾਂ ਦੀ ਪਤਨੀ ਤੋਂ ਲੰਬੀ ਪੁੱਛਗਿੱਛ ਕੀਤੀ ਸੀ। ਇਹ ਜਾਂਚ ਤ੍ਰਿਸ਼ੂਰ ਈਸਟ ਪੁਲਸ ਵੱਲੋਂ ਦਰਜ ਕੀਤੀਆਂ ਘੱਟੋ-ਘੱਟ ਚਾਰ ਐਫ.ਆਈ.ਆਰ. (FIR) ਦੇ ਆਧਾਰ 'ਤੇ ਕੀਤੀ ਜਾ ਰਹੀ ਹੈ। ਮੰਗਲਵਾਰ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਤਹਿਤ ਅਦਾਕਾਰ ਨੂੰ 'ਦਿੱਤੀ ਗਈ' 39.01 ਲੱਖ ਰੁਪਏ ਦੀ ਜਾਇਦਾਦ ਜ਼ਬਤ ਕਰਨ ਦੇ ਅੰਤਰਿਮ ਹੁਕਮ ਜਾਰੀ ਕੀਤੇ ਗਏ। ਸੂਤਰਾਂ ਅਨੁਸਾਰ, ਮੁੱਖ ਮੁਲਜ਼ਮ ਰਹੀਮ ਨੇ 47 ਸਾਲਾ ਜੈਸੂਰਿਆ ਨੂੰ ਪ੍ਰਚਾਰ ਲਈ ਜੋ ਪੈਸੇ ਦਿੱਤੇ ਸਨ, ਉਨ੍ਹਾਂ ਨੂੰ ਹੀ ਅਪਰਾਧ ਦੀ ਕਮਾਈ (Proceeds of Crime) ਮੰਨਿਆ ਜਾ ਰਿਹਾ ਹੈ, ਜਿਸ ਕਾਰਨ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
